ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਨਵੰਬਰ
ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਸਾਂਵਲ ਧਾਮੀ ਦੀ ਪੁਸਤਕ ‘ਦੁੱਖੜੇ ਸੰਨ ਸੰਤਾਲੀ ਦੇ’ ਉੱਤੇ ਚਰਚਾ ਕੀਤੀ ਗਈ। ਇਸ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਗੁਰਮੁਖ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਵਿਵੇਕ ਸਚਦੇਵਾ ਨੇ ਲੈਕਚਰ ਦਿੱਤਾ। ਦੇਸ਼ਬੰਧੂ ਕਾਲਜ, ਯੂਨੀਵਰਸਿਟੀ ਆਫ਼ ਦਿੱਲੀ ਦੇ ਪ੍ਰੋਫੈਸਰ ਡਾ. ਮੁਨੀਸ਼ ਕੁਮਾਰ ਨੇ ਇਸ ਦਾ ਸੰਚਾਲਨ ਕੀਤਾ।
ਲੇਖਕ ਸਾਂਵਲ ਧਾਮੀ ਵੀ ਇਸ ਵਿਚਾਰ-ਚਰਚਾ ’ਚ ਸ਼ਾਮਲ ਸਨ। ਆਰੰਭ ਵਿਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ 1947 ਦੀ ਵੰਡ ਦਾ ਜ਼ਿਕਰ ਕਰਦਿਆਂ ਅਤੇ ਸਾਂਝਾ ਨੂੰ ਉਭਾਰਦਿਆਂ ਸਭ ਨੂੰ ਜੀਓ-ਆਇਆਂ ਆਖਿਆ। ਡਾ. ਮੁਨੀਸ਼ ਕੁਮਾਰ ਨੇ ਪੁਸਤਕ ਬਾਰੇ ਦੱਸਦਿਆਂ ਵਕਤਿਆਂ ਨਾਲ ਸੰਖੇਪ ਜਾਣ-ਪਛਾਣ ਕਰਾਈ। ਡਾ. ਗੁਰਮੁਖ ਸਿੰਘ ਦੇ ਅਨੁਸਾਰ ਪੁਸਤਕ ’ਚ ਮੌਖਿਕ ਬਿਰਤਾਂਤ ’ਤੇ ਅਧਾਰਿਤ ਇਹ ਕਹਾਣੀਆਂ ਇਕ ਤਰ੍ਹਾਂ ਨਾਲ ਅਨੁਭਵ ਨੂੰ ਗਿਆਨ ਪ੍ਰਕਿਰਿਆ ’ਚ ਢਾਲਣਾ ਹੈ। ਸਾਂਵਲ ਧਾਮੀ ਨੇ ਆਪਣੇ ਸਿਰਜਨਾਤਮਕ ਅਨੁਭਵਾਂ ਨੂੰ ਸਾਂਝਿਆਂ ਕਰਦਿਆਂ ਦੱਸਿਆ ਕਿ ਪੁਸਤਕ ਲਈ ਉਨ੍ਹਾਂ ਨੂੰ ਦੂਰ-ਨੇੜੇ ਉਨ੍ਹਾਂ ਸਭ ਥਾਵਾਂ ’ਤੇ ਜਾਣਾ ਪਿਆ ਜਿਥੇ ਵੀ ਕਿਤੇ ਵੰਡ ਦੇ ਵੇਲੇ ਦੇ ਜਿਉਂਦੇ ਸ਼ਖ਼ਸ ਦੀ ਥਹੁ ਪਈ। ਉਹ ਇਸ ਕੰਮ ’ਚ ਪਿਛਲੇ 20 ਸਾਲਾਂ ਤੋਂ ਸਮਰਪਿਤ ਹਨ।
ਉਨ੍ਹਾਂ ਕਿਹਾ ਕਿ ਅਜਿਹੀ ਸਿਰਜਣਾ ’ਚ ਉਨ੍ਹਾਂ ਮੌਖਿਕ ਬਿਰਤਾਂਤਾਂ ਤੋਂ ਹਾਸਲ ਨਾਮ, ਪਾਤਰ, ਥਾਂ ਉਹ ਰੱਖੇ ਹਨ ਤੇ ਗਲਪੀ ਅੰਸ਼ ਲੋੜ ਮੁਤਾਬਕ ਹੀ ਹਨ। ਕਹਾਣੀਆਂ ਲਿਖਣ ਦਾ ਮਕਸਦ ਵੰਡ ਦੀ ਚੇਤਨਾ ਨੂੰ ਜਗਾ ਕੇ ਪਾਠਕ ਦੀ ਚੇਤਨਾ ਨੂੰ ਟੁੰਬਣਾ ਹੈ ਤਾਂ ਜੋ ਭਵਿੱਖ ਇਹਨਾਂ ਸਾਕਿਆਂ ਤੋਂ ਸੁਚੇਤ ਰਹੇ। ਅਖੀਰ ’ਚ ਡਾ. ਮਹਿੰਦਰਸਿੰਘ ਨੇ ਇਸ ਸਾਰੀ ਚਰਚਾ ਨੂੰ ਅਜ ਦੇ ਪ੍ਰਸੰਗ ’ਚ ਮਹੱਤਵਪੂਰਨ ਦੱਸਦਿਆਂ ਸਾਰਿਆਂ ਦਾ ਧੰਨਵਾਦ ਕੀਤਾ।