ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੁਲਾਈ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ‘ਗੁਰੂ ਤੇਗ਼ ਬਹਾਦਰ ਸਾਹਿਬ: ਜੀਵਨ, ਬਾਣੀ ਅਤੇ ਸ਼ਹਾਦਤ’ ’ਤੇ ਸੈਮੀਨਾਰ ਦੇ ਆਖ਼ਰੀ ਸੈਸ਼ਨ ਦਾ ਸੰਚਾਲਨ ਅਸਿਸਟੈਂਟ ਪ੍ਰੋਫ਼ੈਸਰ ਡਾ. ਰਜਨੀ ਬਾਲਾ ਨੇ ਕੀਤਾ। ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਮੁੱਖ ਮਹਿਮਾਨ ਤੇ ਸ੍ਰੀ ਗੁਰੂ ਨਾਨਕ ਦੇਵ ਖ਼ਾਲਸਾ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਗੁਰਮਹਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਡਾ. ਮਨਜੀਤ ਸਿੰਘ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜੀਵਨ ਤੇ ਬਾਣੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਡਾ. ਜਸਵਿੰਦਰ ਸਿੰਘ ਨੇ ਗੁਰਮਤਿ ਧਾਰਾ ਵਿਚ ਸ਼ਹਾਦਤ ਦੇ ਬਦਲਦੇ ਪੜਾਵਾਂ ਬਾਰੇ ਗੱਲ ਕੀਤੀ। ਡਾ. ਹਰਪ੍ਰੀਤ ਕੌਰ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜੀਵਨ ਤੇ ਬਾਣੀ ਨੂੰ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ ਆਪਣੇ ਵਿਚਾਰ ਪੇਸ਼ ਕੀਤੇ। ਹਰਬੰਸ ਕੌਰ ਸਾਗੂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਕੀਤੀਆਂ ਯਾਤਰਾਵਾਂ ਬਾਰੇ ਆਪਣਾ ਪਰਚਾ ਪੜ੍ਹਿਆ, ਜਿਸ ਵਿੱਚ ਉਨ੍ਹਾਂ ਨੇ ਗੁਰੂ ਦੇ ਇਤਿਹਾਸ ਦੀ ਸਾਰਥਕਤਾ ਦੀ ਗੱਲ ਕੀਤੀ। ਡਾ. ਮਨਮੋਹਨ ਨੇ ਪ੍ਰਧਾਨਗੀ ਭਾਸ਼ਣ ਵਿਚ ਬਚਿੱਤਰ ਨਾਟਕ ਦੇ ਵਿਚ ਆਉਂਦੇ ਦੋ ਸ਼ਬਦਾਂ ਸਿਰੁਰ ਅਤੇ ਸਾਕਾ ’ਤੇ ਵਿਸ਼ੇਸ਼ ਚਰਚਾ ਕੀਤੀ। ਉਨ੍ਹਾਂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਮਹੱਤਤਾ ਦਿੰਦੇ ਹੋਏ ਉਲਟੀ ਗੰਗਾ ਵਹਾਉਣ ਦੇ ਮੁਹਾਵਰੇ ਨਾਲ ਨਿਵਾਜਿਆ। ਡਾ. ਰੰਜੂ ਬਾਲਾ ਨੇ ਸੈਮੀਨਾਰ ਦੀ ਰਿਪੋਰਟ ਪੇਸ਼ ਕੀਤੀ। ਡਾ. ਵਨੀਤਾ ਨੇ ਕਿਹਾ ਕਿ ਇਤਿਹਾਸ ਦੇ ‘ਬਲੈਕ ਐਂਡ ਵਾਈਟ’ ਹਿੱਸੇ ਦੇ ਵਿਚਕਾਰ ਜੋ ਰੰਗ ਸਮੇਂ ਦੀ ਸੱਤਾ ਦੁਆਰਾ ਛੁਪਾਏ ਗਏ ਨੇ ਉਨ੍ਹਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ।