ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਸਤੰਬਰ
ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਮਹੀਨਾਵਾਰ ਪੁਸਤਕ ਚਰਚਾ ਦੇ ਪ੍ਰੋਗਰਾਮ ਤਹਿਤ ਲੇਖਕ ਪ੍ਰੋ. ਈਸ਼ਵਰ ਦਿਆਲ ਗੌੜ ਦੀ ਪੁਸਤਕ ‘ਫਲਸਫ਼ੇ ਦੀ ਖਾਨਾਬਦੋਸ਼ੀ ਅਤੇ ਖਾਨਾਬਦੋਸ਼ ਦਾਨਸ਼ਵਰ ਪ੍ਰੋ. ਹਰਜੀਤ ਸਿੰਘ ਗਿੱਲ’ ’ਤੇ ਆਨਲਾਈਨ ਚਰਚਾ ਕੀਤੀ ਗਈ। ਸਮਾਗਮ ’ਚ ਪ੍ਰਮੁੱਖ ਚਰਚਾਕਾਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਡਾ. ਯਾਦਵਿੰਦਰ ਸਿੰਘ ਅਤੇ ਡੀ.ਏ.ਵੀ. ਕਾਲਜ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸਕੂਨ ਸਿੰਘ ਸਨ। ਪ੍ਰੋਗਰਾਮ ਦਾ ਸੰਚਾਲਨ ਦੇਸ਼ਬੰਧੂ ਕਾਲਜ, ਦਿੱਲੀ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮਨੀਸ਼ ਕੁਮਾਰ ਨੇ ਕੀਤਾ। ਪੁਸਤਕ ਦੇ ਲੇਖਕ ਪ੍ਰੋ. ਈਸ਼ਵਰ ਦਿਆਲ ਗੌੜ (ਪੰਜਾਬ ਯੂਨੀਵਰਸਿਟੀ, ਚੰਡੀਗਡ੍ਹ) ਅਤੇ ਪ੍ਰੋ. ਹਰਜੀਤ ਸਿੰਘ ਗਿੱਲ ਵੀ ਪ੍ਰੋਗਰਾਮ ’ਚ ਸ਼ਾਮਲ ਹੋਏ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਪ੍ਰੋ. ਮਹਿੰਦਰ ਸਿੰਘ ਨੇ ਸਦਨ ਦੀਆਂ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ। ਡਾ. ਮਨੀਸ਼ ਕੁਮਾਰ ਰਾਹੀਂ ਵਕਤਿਆਂ ਅਤੇ ਪੁਸਤਕ ਬਾਰੇ ਜਾਣਕਾਰੀ ਪ੍ਰਦਾਨ ਕਰਨ ਤੋਂ ਬਾਅਦ ਡਾ. ਯਾਦਵਿੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਦੱਸਿਆ ਕਿ ਪ੍ਰੋ. ਗੌੜ ਰਾਹੀਂ ਲਿਖੀ ਇਹ ਪੁਸਤਕ ਪ੍ਰੋ. ਗਿੱਲ ਦੇ ਬਹਾਨੇ ਪਾਠਕ ਨੂੰ ਖਾਨਾਬਦੋਸ਼ ਅਤੇ ਦਾਨਸ਼ਵਰ ਹੋਣ ਦੇ ਅਰਥ ਦੱਸਦੀ ਹੈ। ਪੁਸਤਕ ਭਾਵੇਂ ਦਾਨਸ਼ਵਰ ਪ੍ਰੋ. ਗਿੱਲ ਦੇ ਜੀਵਨ ਦਾ ਖੁਲਾਸਾ ਹੈ ਪਰ ਇਸ ਵਿੱਚ ਪੰਜਾਬ ਦੀ ਰਹਿਤਲ ਤੇ ਸੱਭਿਆਚਾਰ ਦੇ ਅੰਤਰਮਨ ਨੂੰ ਨਵੇਂ ਇਤਿਹਾਸਕ ਨਜ਼ਰੀਏ ਤੋਂ ਪੜ੍ਹਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੁਲਾਰੇ ਅਨੁਸਾਰ ਲੇਖਕ ਨੇ ਪੁਸਤਕ ਨੂੰ ਤਿੰਨ ਹਿੱਸਿਆਂ ’ਚ ਵੰਡਿਆ ਹੈ, ਖ਼ਾਨਾਬਦੋਸ਼ ਫ਼ਿਲਾਸਫ਼ਰ ਅਤੇ ਫ਼ਲਸਫ਼ਾ, ਇਤਿਹਾਸ ਦਾ ਕਾਵਿ ਸ਼ਾਸਤਰ ਅਤੇ ਇਤਿਹਾਸਕ ਸੱਭਿਆਚਾਰਕ ਸੰਦਰਭ। ਡਾ. ਸਕੂਨ ਸਿੰਘ ਨੇ ਡਾ. ਗਿੱਲ ਨਾਲ ਬਿਤਾਏ ਕਲਾਸ ਰੂਮ ਪਲਾਂ ਨੂੰ ਸਾਂਝਾ ਕਰਦਿਆਂ ਪੁਸਤਕ ਦੀ ਪਾਠਗਤ ਬਣਤਰ ਅਤੇ ਅੰਤਰ-ਬਣਤਰ ਦਾ ਖੁਲਾਸਾ ਕੀਤਾ। ਉਨ੍ਹਾਂ ਪ੍ਰੋ. ਗਿੱਲ ਦੇ ਭਾਰਤ ਤੋਂ ਫਰਾਂਸ ਅਤੇ ਫਰਾਂਸ ਤੋਂ ਭਾਰਤ ਪਰਤਣ ਦੌਰਾਨ ਹੋਏ ਗਿਆਨ ਦੇ ਉਸ ਹਾਸਲ ਦਾ ਜ਼ਿਕਰ ਕੀਤਾ, ਜੋ ਉਨ੍ਹਾਂ ਨੂੰ ਖਾਨਾਬਦੋਸ਼ ਦਾਨਸ਼ਵਰ ਦੀ ਤਸ਼ਬੀਹ ਦਿੰਦਾ ਹੈ। ਉਨ੍ਹਾਂ ਅਨੁਸਾਰ ਇਹ ਪੁਸਤਕ ਪੰਜਾਬ ਇਤਿਹਾਸ ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ, ਜਿਸ ਸਦਕਾ ਉਹ ਇੱਥੋਂ ਦੇ ਸਾਹਿਤ ਇਤਿਹਾਸ ਦਾ ਪੁਨਰ-ਸਿਰਜਣ ਕਰ ਸਕਣਗੇ ਅਤੇ ਉਸ ਨੂੰ ਤੱਥਾਂ-ਤੱਤਾਂ ਤੋਂ ਪਾਰ ਵਡੇਰੇ ਅਰਥ ਦੇ ਸਕਣਗੇ। ਈਸ਼ਵਰ ਦਿਆਲ ਗੌੜ ਨੇ ਪੁਸਤਕ ਦੀ ਸਿਰਜਣਾ ਬਾਰੇ ਦੱਸਦਿਆਂ ਕਿਹਾ ਕਿ ਪ੍ਰੋ. ਗਿੱਲ ਦੀਆਂ ਪੁਸਤਕਾਂ ਦਾ ਲਗਾਤਾਰ ਅਧਿਐਨ ਅਤੇ ਉਨ੍ਹਾਂ ਨਾਲ ਹੋਈਆਂ ਲੰਬੀਆਂ ਗੋਸ਼ਟੀਆਂ ਹੀ ਪੁਸਤਕ ਦਾ ਸਿਰਜਣਾਤਮਕ ਆਧਾਰ ਹੈ। ਉਨ੍ਹਾਂ ਦੋਵਾਂ ਵਕਤਿਆਂ ਦੇ ਲੈਕਚਰ ਦੀ ਸਲਾਹਨਾ ਕਰਦਿਆਂ ਪੰਜਾਬੀ ’ਚ ਸਾਹਿਤਕ ਇਤਿਹਾਸਕਤਾ ਨੂੰ ਨਵੇਂ ਪਰਿਪੇਖ ’ਚ ਸਮਝਣ ਦੀ ਗੱਲ ਕਹੀ।