ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਸਤੰਬਰ
ਇਥੇ ਭਾਈ ਵੀਰ ਸਿੰਘ ਸਾਹਿਤ ਸਦਨ ਅਤੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਅੰਮ੍ਰਿਤਸਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਹੁੰਦਿਆਂ ‘ਗੁਰੂ ਤੇਗ ਬਹਾਦਰ ਅਧਿਐਨ: ਪੁਨਰ ਵਿਚਾਰ’ ਵਿਸ਼ੇ ’ਤੇ ਚਰਚਾ ਤਹਿਤ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਰਜੀਤ ਸਿੰਘ ਅਤੇ ਗੁਰੂ ਨਾਨਕ ਸਿੱਖ ਸੱਟਡੀਜ਼ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਸੁਖਵਿੰਦਰ ਸਿੰਘ ਨੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਪ੍ਰਧਾਨਗੀ ਨਾਦ ਪ੍ਰਗਾਸੁ ਅੰਮ੍ਰਿਤਸਰ ਦੇ ਡਾਇਰੈਕਟਰ ਪ੍ਰੋ. ਜਗਦੀਸ਼ ਸਿੰਘ ਨੇ ਤੇ ਪ੍ਰੋਗਰਾਮ ਦਾ ਸੰਚਾਲਨ ਨਿਵਾਸ ਅਸਥਾਨ ਦੀ ਡਾਇਰੈਕਟਰ ਡਾ. ਸੁਖਬੀਰ ਕੌਰ ਮਾਹਲ ਨੇ ਕੀਤਾ। ਆਰੰਭ ’ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਗਤੀਵਿਧਿਆਂ ਦਾ ਜ਼ਿਕਰ ਕਰਦਿਆਂ ਸਭ ਨੂੰ ਜੀਓ-ਆਇਆਂ ਕਿਹਾ। ਡਾ. ਸੁਖਬੀਰ ਕੌਰ ਮਾਹਲ ਨੇ ਵਕਤਿਆਂ ਅਤੇ ਵਿਸ਼ੇ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਗੁਰੂ ਤੇਗ ਬਹਾਦਰ ਅਧਿਐਨ ਬਾਰੇ ਪੁਨਰ ਵਿਚਾਰ ਦਾ ਮੁੱਢ ਬੰਨ੍ਹਿਆ। ਡਾ. ਅਮਰਜੀਤ ਸਿੰਘ ਨੇ ‘ਗੁਰੂ ਤੇਗ ਬਹਾਦਰ ਅਧਿਐਨ : ਪੁਨਰ ਵਿਚਾਰ’ ਦੀ ਆਰੰਭਤਾ ਧੁਰ ਦੀ ਵਿਚਾਰ ਤੋਂ ਕੀਤੀ। ਉਨ੍ਹਾਂ ਧੁਰ ਦੇਸ ਦਾ ਪ੍ਰਗਟਾਅ ਨਾਦ, ਪ੍ਰਗਾਸ, ਪ੍ਰਕਾਸ਼ ਆਦਿ ਸੰਕਲਪਾਂ ਰਾਹੀਂ ਕਰਦਿਆਂ ਗੁਰੂ ਸਾਹਿਬ ਦੀ ਬਾਣੀ ਚੇਤਨਾ ’ਚ ਵਿਆਪਕ ਤਿਆਗ ਤੇ ਵੈਰਾਗ ਦੀ ਵਿਸਤਾਰ ਵਿਆਖਿਆ ਕੀਤੀ। ਸ਼ਬਦ ਫਿਲਾਸਫੀ ਨੂੰ ਆਧਾਰ ਬਣਾ ਕੇ ਇਸ ਚਰਚਾ ’ਚ ਉਨ੍ਹਾਂ ਗੁਰੂ ਤੇਗ ਬਹਾਦਰ ਬਾਣੀ ਉਪਰ ਪ੍ਰਮੁੱਖ ਚਿੰਤਕਾਂ ਰਾਹੀਂ ਕੀਤੇ ਕਾਰਜਾਂ ਦਾ ਅਵਲੋਕਨ ਕੀਤਾ। ਉਨ੍ਹਾਂ ਅਨੁਸਾਰ ਪੰਜਾਬੀ ਸਾਹਿਤ ਚਿੰਤਨ ਵਿਚ ਵੈਰਾਗ-ਰਹੱਸ ਦਾ ਸਿਰਫ਼ ਸਾਹਿਤਕ ਪ੍ਰਗਟਾਅ ਹੀ ਹੋਇਆ ਹੈ, ਜਦਕਿ ਗੁਰੂ ਤੇਗ ਬਹਾਦਰ ਬਾਣੀ ਅਧਿਐਨ ਇਸ ਦੀ ਧੁਰ ਦੀ ਰਮਜ ਅਤੇ ਇਸਦੇ ਸ਼ਬਦ ਸੰਕਲਪਾਂ ’ਚ ਨਿਹਿਤ ਹੈ। ਡਾ. ਸੁਖਵਿੰਦਰ ਸਿੰਘ ਨੇ ਗੁਰੂ ਬਿੰਬ ਤੋਂ ਗੱਲ ਆਰੰਭ ਕਰਦਿਆਂ ਇਸ ਦੇ ਪ੍ਰਚੱਲਿਤ ਖੇਤਰੀ ਅਤੇ ਕੌਮੀ ਮਾਡਲ ਦੀ ਗੱਲ ਕੀਤੀ ਜਿਸ ਵਿਚ ਇਹ ਸਰਬ ਵਿਆਪੀ ਤੇ ਸ਼ਬਦ ਸਮਰੱਥ ਬਿੰਬ ਸੀਮਤ ਪਸਾਰਾਂ ਦਾ ਧਾਰਨੀ ਹੋ ਨਿੱਬੜਦਾ ਹੈ ਜਦਕਿ ਅਧਿਐਨ ਚਿੰਤਨ ਇਸਦੇ ਦੈਵੀ ਆਭਾ ਵਾਲੇ ਕੁਦਰਤੀ ਬਿੰਬ ਦੀ ਭਾਲ ਤੇ ਪ੍ਰਗਟਾਵੇ ਦੀ ਮੰਗ ਕਰਦਾ ਹੈ। ਉਨ੍ਹਾਂ ਅਨੁਸਾਰ ਇਸ ਦੀ ਉਸਾਰੀ ਰਾਜਸੀ ਤੇ ਸਮਾਜਕ ਪ੍ਰਭਾਵਾਂ ਤੋਂ ਮੁਕਤ ਹੋ ਕੇ ਦਾਰਸ਼ਨਿਕ ਪ੍ਰਸੰਗ ’ਚ ਉਭਾਰਨ ਦੀ ਹੈ। ਪ੍ਰੋ. ਜਗਦੀਸ਼ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਬਹੁਤ ਹੀ ਸੁੱਚਜੇ ਤੇ ਅਕਾਦਮਿਕ ਪ੍ਰੋੜ੍ਹਤਾ ਦੇ ਅੰਦਾਜ ’ਚ ਦੋਵੇਂ ਵਕਤਿਆਂ ਵਲੋਂ ਪੁਨਰ-ਚਿੰਤਨ ਤਹਿਤ ਕੀਤੀ ਵਿਚਾਰ-ਚਰਚਾ ਦੀ ਸਲਾਹੁਤਾ ਕਰਦਿਆਂ ਇਸ ਨੂੰ ਸ਼ਬਦ-ਫਿਲਾਸਫ਼ੀ ਦੇ ਨੁਕਤੇ ਤੋਂ ਕੀਤੀ ਵਿਚਾਰ-ਚਰਚਾ ਕਿਹਾ। ਅਖੀਰ ’ਚ ਨਿਵਾਸ-ਅਸਥਾਨ ਦੀ ਲੋਕਲ ਐਡਵਾਇਜ਼ਰੀ ਕਮੇਟੀ ਦੇ ਜੁਆਇੰਟ ਸਕੱਤਰ ਪ੍ਰੋ. ਜੋਗਿੰਦਰ ਸਿੰਘ ਨੇ ਇਸ ਚਰਚਾ ਨੂੰ ਗੰਭੀਰ ਕਿਸਮ ਦਾ ਅਧਿਐਨ-ਵਿਸ਼ਲੇਸ਼ਣ ਦੱਸਦਿਆਂ ਵਕਤਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।