ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਠਿੰਡਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ ਵੱਖ ਬਾਰਡਰਾਂ ’ਤੇ ਸਾਢੇ ਨੌਂ ਮਹੀਨੇ ਤੋਂ ਲਗਾਤਾਰ ਚੱਲ ਰਹੇ ਮੋਰਚੇ ਨੇ ਬਹੁਤ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਕਿਸਾਨੀ ਘੋਲ ਤੋਂ ਬਿਨਾਂ ਜੇ ਪੰਜਾਬ ਦੀ ਉਦਾਹਰਣ ਦੇਣੀ ਹੋਵੇ, ਪਟਿਆਲੇ ਵਿੱਚ ਲੱਗੇ ਹੋਏ ਮੋਰਚੇ ਭਾਵੇਂ ਕੱਚੇ ਕਾਮੇ ਠੇਕਾ ਮੁਲਾਜ਼ਮਾਂ ਦਾ ਮੋਰਚਾ ਹੋਵੇ, ਪਨਬੱਸ ਵਾਲਿਆਂ ਦਾ ਮੋਰਚਾ ਹੋਵੇ, ਅੱਜ ਤੇਰਾਂ ਤਰੀਕ ਨੂੰ ਪੇਂਡੂ ਤੇ ਖੇਤ ਮਜ਼ਦੂਰਾਂ ਵੱਲੋਂ ਮੋਤੀ ਮਹਿਲ ਘੇਰਨ ਦਾ ਐਲਾਨ ਹੋਵੇ, ਕੱਚੇ, ਪੱਕੇ ਜਾਂ ਬੇਰੁਜ਼ਗਾਰ ਅਧਿਆਪਕਾਂ ਦਾ ਮੋਰਚਾ ਹੋਵੇ ਜਾਂ ਹੋਰ ਅਦਾਰਿਆਂ ਵਿਚ ਜਿਵੇਂ ਬੈਸਟਪ੍ਰਾਈਜ਼ ਰਿਲਾਇੰਸ ਟੌਲ ਪਲਾਜ਼ਾ ਦੇ ਕਾਮੇ ਤੇ ਹੋਰ ਵਰਗਾਂ ਦੇ ਕਿਰਤੀ ਲੋਕਾਂ ਦੇ ਮੋਰਚੇ ਲੱਗੇ ਹੋਣ ਉਨ੍ਹਾਂ ਵਿੱਚ ਆਪੋ ਆਪਣੀਆਂ ਮੰਗਾਂ ਤੋਂ ਇਲਾਵਾ ਖੇਤੀ ਸਬੰਧੀ ਬਣੇ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਦਾ ਅਹਿਮ ਜ਼ਿਕਰ ਹੁੰਦਾ ਹੈ ਤੇ ਇਸ ਘੋਲ ਨੂੰ ਹਰੇਕ ਵਰਗ ਆਪਣਾ ਘੋਲ਼ ਮੰਨਦਾ ਹੈ। ਇਹ ਕਿਸਾਨੀ ਘੋਲ ਦੀ ਇਕ ਅਹਿਮ ਪ੍ਰਾਪਤੀ ਹੈ। ਇਸ ਤੋਂ ਸੰਕੇਤ ਮਿਲਦਾ ਹੈ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਹੀ ਪੀੜਤ ਧਿਰਾਂ ਦੇ ਲੋਕ ਦੋਖੀ ਨੀਤੀਆਂ ਖ਼ਿਲਾਫ਼ ਇਕੱਠੇ ਹੋ ਕੇ ਇਕ ਪਲੇਟਫਾਰਮ ਬਣਨ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ।
ਵਿਧਾਇਕ ਨੇ ਭਾਜਪਾ ਨੂੰ ਕੀਤੇ ਸਵਾਲ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਲਾਡਵਾ ਦੇ ਵਿਧਾਇਕ ਮੇਵਾ ਸਿੰਘ ਨੇ ਮਨੋਹਰ ਸਰਕਾਰ ਵਲੋਂ ਗੰਨੇ ਦੇ ਭਾਅ ਵਿਚ 12 ਰੁਪਏ ਪ੍ਰਤੀ ਕੁਇੰਟਲ ਦੇ ਮਾਮੂਲੀ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗੰਨੇ ਦੇ ਭਾਅ ਵਿਚ 12 ਰੁਪਏ ਦਾ ਮਾਮੂਲੀ ਵਾਧਾ ਕਰਕੇ ਭਾਜਪਾ ਆਗੂਆਂ ਵਿਚ ਸਰਕਾਰ ਦੇ ਸੋਹਲੇ ਗਾਉਣ ਦੀ ਹੋੜ ਲੱਗੀ ਹੋਈ ਹੈ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਭਾਜਪਾ ਨੇ 7 ਸਾਲਾਂ ਵਿਚ ਗੰਨੇ ਦੇ ਭਾਅ ਵਿਚ ਕੁੱਲ ਕਿੰਨਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦ ਭੁਪਿੰਦਰ ਸਿੰਘ ਹੁੱਡਾ ਨੇ ਸੂਬੇ ਦੀ ਵਾਗਡੋਰ ਸੰਭਾਲੀ ਸੀ ਤਾਂ ਗੰਨੇ ਦਾ ਭਾਅ 117 ਰੁਪਏ ਕੁਇੰਟਲ ਸੀ ਤੇ 10 ਸਾਲਾਂ ਦੇ ਸ਼ਾਸ਼ਨ ਵਿਚ ਉਨ੍ਹਾਂ ਨੇ ਗੰਨੇ ਦਾ ਭਾਅ 193 ਰੁਪਏ ਵਧਾ ਕੇ 310 ਰੁਪਏ ਪ੍ਰਤੀ ਕੁਇੰਟਲ ਕੀਤਾ ਸੀ ਜੋ ਪੂਰੇ ਦੇਸ਼ ਵਿਚ ਰਿਕਾਰਡ ਸੀ।
ਕਣਕ ਦਾ ਐੱਮਐੱਸਪੀ ਵਧਾਉਣ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਿਆ
ਜੀਂਦ (ਮਹਾਂਵੀਰ ਮਿੱਤਲ): ਮਹਿੰਗਾਈ ਦੇ ਦੌਰ ਵਿੱਚ ਕੇਂਦਰ ਸਰਕਾਰ ਨੇ ਐਮਐਸਪੀ ਵਿੱਚ ਬਹੁਤ ਥੋੜ੍ਹਾ ਵਾਧਾ ਕਰਕੇ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ ਕਿਉਂਕਿ ਕਿਸਾਨ, ਮਜ਼ਦੂਰ, ਕਰਮਚਾਰੀ ਅਤੇ ਛੋਟੇ ਵਪਾਰੀ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਜਦੋਂਕਿ ਦੂਜੇ ਪਾਸੇ ਸਰਕਾਰ ਰੋਜ਼ਾਨਾ ਹੀ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਜ ਵਾਧਾ ਕਰਕੇ ਆਮ ਲੋਕਾਂ ਦਾ ਕਚੂੰਮਰ ਕੱਢ ਰਹੀ ਹੈ। ਇਹ ਗੱਲ ਖਰਕਭੂਰਾ ਪਿੰਡ ਵਿੱਚ ਔਰਤਾਂ ਦੀ ਮੀਟਿੰਗ ਵਿੱਚ ਮਹਿਲਾ ਯੁਵਾ ਮੰਡਲ ਦੀ ਪ੍ਰਧਾਨ ਰੇਖਾ ਰਾਣੀ ਨੇ ਕਹੀ।