ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਨਵੰਬਰ
ਨੋਟਬੰਦੀ ਦੇ 5 ਸਾਲ ਪੂਰੇ ਹੋਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਰਾਸ਼ਟਰੀ ਪ੍ਰਧਾਨ ਬੀ.ਸੀ. ਭਾਰਤੀ ਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ 5 ਸਾਲ ਦੇ ਸ਼ੁਰੂਆਤੀ ਦਿਨਾਂ ’ਚ ਦੇਸ਼ ਭਰ ਦੇ ਵਪਾਰੀਆਂ ਨੂੰ ਸੰਕਟ ਨਾਲ ਨਜਿੱਠਣਾ ਪਿਆ ਅਤੇ ਦੇਸ਼ ਦਾ ਸਾਰਾ ਕਾਰੋਬਾਰ ਪ੍ਰਭਾਵਿਤ ਹੋਇਆ, ਪਰ ਵਪਾਰੀਆਂ ਨੇ ਫਿਰ ਵੀ ਸਰਕਾਰ ਦਾ ਸਮਰਥਨ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਭੁਗਤਾਨ ਨੂੰ ਅਪਣਾਉਣ ਦੇ ਸੱਦੇ ਨੂੰ ਲਾਗੂ ਕਰਨ ਲਈ ਤਕਨੀਕੀ ਸਹਾਇਤਾ ਨਾਲ ਦੇਸ਼ ਭਰ ਵਿੱਚ ਮਾਸਟਰਕਾਰਡ ਨੇ ਲਗਪੱਗ 400 ਹੋਰ ਕਾਨਫਰੰਸਾਂ ਕੀਤੀਆਂ ਜਿਸ ਰਾਹੀਂ ਦੇਸ਼ ਦੇ ਸਾਰੇ ਰਾਜਾਂ ਵਿੱਚ ਵਪਾਰੀਆਂ ਨੇ ਡਿਜੀਟਲ ਭੁਗਤਾਨ ਨੂੰ ਅਪਣਾਇਆ ਅਤੇ ਮੌਜੂਦਾ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਵਪਾਰੀ ਆਪਣੇ ਕਾਰੋਬਾਰ ਵਿੱਚ ਡਿਜੀਟਲ ਭੁਗਤਾਨ ਦੇ ਸਾਰੇ ਤਰੀਕਿਆਂ ਦੀ ਭਰਪੂਰ ਵਰਤੋਂ ਕਰ ਰਹੇ ਹਨ। ਕਰੋਨਾ ਸੰਕਟ ਦੌਰਾਨ ਡਿਜੀਟਲ ਭੁਗਤਾਨ ਦੀ ਵਰਤੋਂ ਬਹੁਤ ਵੱਡੀ ਮਾਤਰਾ ਵਿੱਚ ਕੀਤੀ ਗਈ ਸੀ।
ਸ੍ਰੀ ਭਰਤੀਆ ਤੇ ਸ੍ਰੀ ਖੰਡੇਲਵਾਲ ਨੇ ਕਿਹਾ ਕਿ ਦੇਸ਼ ਵਿੱਚ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡਾਂ ਦੀ ਵੱਡੀ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ ਪਰ 1 ਤੋਂ 2 ਫੀਸਦੀ ਦੇ ਕਰੀਬ ਬੈਂਕ ਚਾਰਜਿਜ਼ ਹੋਣ ਕਾਰਨ ਲੋਕ ਇਸ ਦੀ ਖੁੱਲ੍ਹੇਆਮ ਵਰਤੋਂ ਕਰਨ ਤੋਂ ਵੀ ਝਿਜਕ ਰਹੇ ਹਨ। ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਸਬਸਿਡੀ ਦੇ ਰੂਪ ਵਿੱਚ ਬੈਂਕਾਂ ਦੇ ਖਰਚੇ ਸਿੱਧੇ ਬੈਂਕਾਂ ਨੂੰ ਦੇਵੇ ਅਤੇ ਵਪਾਰੀ ਜਾਂ ਖਪਤਕਾਰ ਨੂੰ ਬੈਂਕ ਖਰਚੇ ਨਾ ਝੱਲਣੇ ਪੈਣ ਤਾਂ ਯਕੀਨਨ ਦੇਸ਼ ਤਰੱਕੀ ਵੱਲ ਵਧੇਗਾ। ਘੱਟ ਨਕਦੀ ਦੀ ਵਰਤੋਂ ਦੀ ਆਰਥਿਕਤਾ ਤੇਜ਼ੀ ਨਾਲ ਵਧ ਸਕਦੀ ਹੈ।