ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਦਿੱਲੀ ਦੀ ਅਹਿਮ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਸਿੰਘ ਸਭਾ ਵੱਲੋਂ ਗੁਰੂ ਨਾਨਕ ਡਿਸਪੈਂਸਰੀ ’ਚ 4 ਨਵੀਂਆਂ ਡਾਇਲੇਸਿਸ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ ਤੇ ਇਕ-ਇਕ ਮਸ਼ੀਨ ਦੀ ਕੀਮਤ 6 ਲੱਖ 72 ਹਜ਼ਾਰ ਹੈ ਤੇ ਇਨ੍ਹਾਂ ਮਸ਼ੀਨਾਂ ਵਿੱਚ ਆਧੁਨਿਕ ਸਹੂਲਤਾਂ ਹਨ, ਜੋ ਉੱਚ-ਪੱਧਰੀ ਡਾਕਟਰੀ ਸੇਵਾਵਾਂ ਦੌਰਾਨ ਇਸਤੇਮਾਲ ਕੀਤੀਆਂ ਜਾਂਦੀਆਂ ਹਨ।
ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ (ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦੱਸਿਆ ਕਿ 26 ਲੱਖ 80 ਹਜ਼ਾਰ ਤੋਂ ਵੱਧ ਕੀਮਤ ਦੀਆਂ ਇਨ੍ਹਾਂ ਮਸ਼ੀਨਾਂ ਲਈ ਸਥਾਨਕ ਪਤਵੰਤਿਆਂ ਵੱਲੋਂ ਮਦਦ ਕੀਤੀ ਗਈ ਹੈ ਤੇ ਇੱਥੇ ਬਹੁਤ ਹੀ ਘੱਟ ਦਰਾਂ ਉਪਰ ਡਾਇਲੇਸਿਸ ਦੀ ਸਹੂਲਤ ਦਿੱਤੀ ਜਾਂਦੀ ਹੈ ਕਿਉਂਕਿ ਦਿੱਲੀ ਵਰਗੇ ਸ਼ਹਿਰ ਵਿੱਚ ਪਿਸ਼ਾਬ ਤੇ ਹੋਰ ਰੋਗੀਆਂ ਲਈ ਇਹ ਸੇਵਾਵਾਂ ਬਹੁਤ ਮਹਿੰਗੀਆਂ ਪੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਡਾਇਲੇਸਿਸ ਵਾਲੇ ਮਰੀਜ਼ਾਂ ਲਈ ਹਰ ਹਫ਼ਤੇ ਜਾਂ ਹਰ ਮਹੀਨੇ ਇਹ ਵਿਧੀ ਅਪਨਾਉਣੀ ਪੈਂਦੀ ਹੈ, ਜਿਸ ਕਰ ਕੇ ਉਸ ਦਾ ਇਲਾਜ ਉਪਰ ਬਹੁਤ ਪੈਸਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਗ਼ਰੀਬੀ ਰੇਖਾ ਤੋਂ ਹੇਠਾਂ ਵਾਲੇ ਮਰੀਜ਼ਾਂ ਦੀ ਇਹ ਸੇਵਾ ਮੁਫ਼ਤ ਕੀਤੀ ਜਾਂਦੀ ਹੈ। ਡਿਸਪੈਂਸਰੀ ਵਿੱਚ ਰੋਜ਼ਾਨਾ ਮਰੀਜ਼ਾਂ ਦੀ ਭੀੜ ਵੀ ਦੇਖੀ ਜਾ ਸਕਦੀ ਹੈ, ਜਿੱਥੇ ਦਵਾਈਆਂ ਵਿੱਚ ਰਿਆਇਤ ਕੀਤੀ ਜਾਂਦੀ ਹੈ। ਇਸ ਮੌਕੇ ਐੱਸ.ਐੱਸ ਬਜਾਜ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।