ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੁਲਾਈ
‘ਆਪ’ ਦੇ ਸੀਨੀਅਰ ਆਗੂ ਦੁਰਗੇਸ਼ ਪਾਠਕ ਨੇ ਕਿਹਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਦੇ ਨੁਮਾਇੰਦੇ ਲੈਫਟੀਨੈਂਟ ਗਵਰਨਰ ਵੱਲੋਂ ਦਿੱਲੀ ਦੇ ਲੋਕਾਂ ਨੂੰ ਚੋਰ ਕਹਿਣਾ ਗ਼ਲਤ ਹੈ। ਕੰਗਾਲ ਹੋਣ ਦਾ ਕਾਰਨ ਦਿੱਲੀ ਦੇ ਲੋਕ ਨਹੀਂ ਬਲਕਿ ਭਾਜਪਾ ਹਨ। ਭਾਜਪਾ ਦੇ ਐਮਸੀਡੀ ਨੇ ਡੇਂਗੂ ਦੀ ਦਵਾਈ ਤੋਂ ਲੈ ਕੇ ਕੂੜਾ ਸਾਫ਼ ਕਰਨ, ਬੱਚਿਆਂ ਦੀਆਂ ਕਿਤਾਬਾਂ ਖ਼ਰੀਦਣ, ਹਾਊਸ ਟੈਕਸ ਤੱਕ ਹਰ ਚੀਜ਼ ਵਿੱਚ ਭ੍ਰਿਸ਼ਟਾਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਦਿਨ-ਰਾਤ ਮਿਹਨਤ ਕਰਦੇ ਹਨ। ਵੱਡੀਆਂ ਕੋਠੀਆਂ ਵਿੱਚ ਰਹਿਣ ਤੋਂ ਲੈ ਕੇ ਗ਼ੈਰ-ਕਾਨੂੰਨੀ ਕਾਲੋਨੀਆਂ ਅਤੇ ਝੁੱਗੀਆਂ ਵਿੱਚ ਰਹਿਣ ਵਾਲੇ ਵੀ ਇਮਾਨਦਾਰੀ ਨਾਲ ਟੈਕਸ ਅਦਾ ਕਰਦੇ ਹਨ। ਜਦੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਸੀ ਤਾਂ ਦਿੱਲੀ ਦਾ ਬਜਟ 25 ਹਜ਼ਾਰ ਕਰੋੜ ਸੀ। 6 ਸਾਲਾਂ ਵਿੱਚ ਦਿੱਲੀ ਦਾ ਬਜਟ ਕਰੀਬ 70 ਹਜ਼ਾਰ ਕਰੋੜ ਦਾ ਹੋ ਗਿਆ ਹੈ। ਇਹ ਪੈਸਾ ਦਿੱਲੀ ਦੇ ਲੋਕਾਂ ਨੇ ਟੈਕਸ ਰਾਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਪ ਰਾਜਪਾਲ ਨੂੰ ਭਾਜਪਾ ਵਰਕਰ ਵਰਗਾ ਵਿਵਹਾਰ ਨਾ ਕਰਨ ਦੀ ਅਪੀਲ ਹੈ। ਦਿੱਲੀ ਵਾਲਿਆਂ ਨੂੰ ਗ਼ੈਰ-ਜ਼ਿੰਮੇਵਾਰਾਨਾ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਵਿਧਾਇਕ ਦੁਰਗੇਸ਼ ਪਾਠਕ ਨੇ ਅੱਜ ਪਾਰਟੀ ਹੈੱਡਕੁਆਰਟਰ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਦਾ ਦਿਨ ਦਿੱਲੀ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੋਵੇਗਾ, ਜਦੋਂ ਦਿੱਲੀ ਦੇ ਪਹਿਲੇ ਨਾਗਰਿਕ ਲੈਫਟੀਨੈਂਟ ਗਵਰਨਰ ਨੇ ਦਿੱਲੀ ਦੇ ਲੋਕਾਂ ਨੂੰ ‘ਚੋਰ’ ਕਿਹਾ ਹੈ। ਆਪਣੇ ਟਵੀਟ ਰਾਹੀਂ ਉਪ ਰਾਜਪਾਲ ਨੇ ਕਿਹਾ ਕਿ ਦਿੱਲੀ ਦੇ ਐਮਸੀਡੀ ਨੂੰ ਸਭ ਤੋਂ ਅਮੀਰ ਬਣਾਇਆ ਜਾ ਸਕਦਾ ਹੈ ਜੇ ਦਿੱਲੀ ਦੇ ਲੋਕ ਇਮਾਨਦਾਰੀ ਨਾਲ ਟੈਕਸ ਅਦਾ ਕਰਨ। ਉਪ ਰਾਜਪਾਲ ਦਾ ਇਹ ਬਹੁਤ ਹੀ ਗ਼ੈਰ-ਜ਼ਿੰਮੇਵਾਰਾਨਾ ਬਿਆਨ ਹੈ। ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਪ ਰਾਜਪਾਲ ਅਜੇ ਨਵੇਂ ਹਨ, ਉਹ ਦਿੱਲੀ ਵਾਲਿਆਂ ਬਾਰੇ ਨਹੀਂ ਜਾਣਦੇ। ਦਿੱਲੀ ਵਿੱਚ ਦਿਨ ਰਾਤ ਮਿਹਨਤ ਕਰਦੇ ਹਨ। ਵੱਡੀਆਂ ਕੋਠੀਆਂ ਵਿੱਚ ਰਹਿਣ ਤੋਂ ਲੈ ਕੇ ਗ਼ੈਰ-ਕਾਨੂੰਨੀ ਕਾਲੋਨੀਆਂ ਤੇ ਝੁੱਗੀਆਂ ਵਿੱਚ ਰਹਿਣ ਵਾਲੇ ਵੀ ਇਮਾਨਦਾਰੀ ਨਾਲ ਟੈਕਸ ਅਦਾ ਕਰਦੇ ਹਨ।