ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਮਾਰਚ
ਕੇਂਦਰੀ ਗ੍ਰਹਿ ਮੰਤਰਾਲੇ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ 93 ਕੰਪਨੀਆਂ ਦੀ ਤਾਇਨਾਤੀ 15 ਮਾਰਚ ਤੱਕ ਵਧਾ ਦਿੱਤੀ ਹੈ। ਬੀਤੇ ਦਿਨ ਮੰਤਰਾਲੇ ਨੇ ਦੱਸਿਆ ਕਿ ਐੱਮਐੱਚਏ ਨੇ ਸੀਏਪੀਐੱਫ ਦੀਆਂ 93 ਕੰਪਨੀਆਂ ਦੀ ਤਾਇਨਾਤੀ 15 ਮਾਰਚ ਤੱਕ ਦਿੱਲੀ ਵਿੱਚ ਵਧਾ ਦਿੱਤੀ ਹੈ ਜਿਨ੍ਹਾਂ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ, ਸਰਹੱਦੀ ਸੁਰੱਖਿਆ ਬਲ, ਇੰਡੋ-ਤਿੱਬਤ ਬਾਰਡਰ ਪੁਲੀਸ ਫੋਰਸ, ਸ਼ਸਤਰਾ ਸੀਮਾ ਬਲ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸ਼ਾਮਲ ਹਨ। ਮੰਤਰਾਲੇ ਨੇ ਅੱਗੇ ਕਿਹਾ ਕਿ ਬਲਾਂ ਦੀਆਂ ਬਾਕੀ 20 ਕੰਪਨੀਆਂ 10 ਮਾਰਚ ਤੋਂ ਬਾਅਦ ਹਟਾਈਆਂ ਜਾਣਗੀਆਂ। 24 ਫਰਵਰੀ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 40 ਲੱਖ ਟਰੈਕਟਰਾਂ ਨਾਲ ਸੰਸਦ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਸੀ।