ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਕਤੂਬਰ
ਦਿੱਲੀ ਵਿੱਚ ਸਿਰਫ਼ ਅਕਤੂਬਰ ਮਹੀਨੇ ਦੌਰਾਨ ਡੇਂਗੂ ਦੇ 900 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਕੇਸਾਂ ਨਾਲ ਡੇਂਗੂ ਪੀੜਤਾਂ ਦੀ ਕੁੱਲ ਗਿਣਤੀ 1,876 ਹੋ ਗਈ ਹੈ। ਇਹ ਅੰਕੜੇ ਲੰਘੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਸਨ। ਜ਼ਿਕਯੋਗ ਹੈ ਕਿ ਸ਼ਹਿਰ ਵਿੱਚ ਇਸ ਸਾਲ ਮਲੇਰੀਆ ਦੇ 194 ਅਤੇ ਚਿਕਨਗੁਨੀਆ ਦੇ 38 ਮਾਮਲੇ ਦਰਜ ਕੀਤੇ ਗਏ ਹਨ। 12 ਅਕਤੂਬਰ ਤੱਕ ਡੇਂਗੂ ਪੀੜਤਾਂ ਦੀ ਗਿਣਤੀ 1,572 ਸੀ। ਦਿੱਲੀ ਮਿਉਂਸਿਪਲ ਕਾਰਪੋਰੇਸ਼ਨ (ਐਮਸੀਡੀ) ਦੁਆਰਾ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਹਫ਼ਤੇ ਵਿੱਚ 300 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਜਿਸ ਨਾਲ ਇਸ ਸਾਲ ਦਿੱਲੀ ਵਿੱਚ ਡੇਂਗੂ ਦੇ ਕੁੱਲ ਕੇਸਾਂ ਦੀ ਗਿਣਤੀ 19 ਅਕਤੂਬਰ ਤੱਕ 1,876 ਹੋ ਗਈ ਹੈ। ਕੁੱਲ ਮਾਮਲਿਆਂ ਵਿੱਚੋਂ 693 ਸਤੰਬਰ ਵਿੱਚ ਸਾਹਮਣੇ ਆਏ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਹੁਣ ਤੱਕ ਇਸ ਬਿਮਾਰੀ ਕਾਰਨ ਕੋਈ ਮੌਤ ਨਹੀਂ ਹੋਈ ਹੈ।