ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਦਸੰਬਰ
ਭਾਜਪਾ ਵੱਲੋਂ ਦਿੱਲੀ ਸਰਕਾਰ ਖ਼ਿਲਾਫ਼ ਜੰਤਰ-ਮੰਤਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਵਿਰੁੱਧ ਭਾਜਪਾ ਤੇ ਸਮਾਜ ਦੇ ਸਾਰੇ ਵਰਗਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ, ਇਸ ਗੱਲ ਦਾ ਪ੍ਰਤੀਕ ਹਨ ਕਿ ਸਰਕਾਰ ਨੂੰ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਤੇ ਉਹ ਆਪਣੀਆਂ ਮਨਮਾਨੀਆਂ ਕਰ ਰਹੇ ਹਨ ਪਰ ਦਿੱਲੀ ਦੇ ਲੋਕ ਸਮਝ ਚੁੱਕੇ ਹਨ ਕਿ ਇਹ ਆਬਕਾਰੀ ਨੀਤੀ ਸੂਬੇ ਦੇ ਨੌਜਵਾਨਾਂ, ਔਰਤਾਂ ਤੇ ਹੋਰਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਜ਼ਰੀਆ ਸਾਬਤ ਹੋਣ ਜਾ ਰਹੀ ਹੈ। ਜੰਤਰ-ਮੰਤਰ ’ਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਇਮਾਨਦਾਰੀ, ਭ੍ਰਿਸ਼ਟਾਚਾਰ ਵਿਰੁੱਧ ਤੇ ਸ਼ਰਾਬ ’ਤੇ ਪਾਬੰਦੀ ਲਗਾਉਣ ਦੇ ਵਾਅਦਿਆਂ ਨਾਲ ਸਰਕਾਰ ’ਚ ਆਏ ਸਨ ਪਰ ਅੱਜ ਉਹ ਆਪਣੀ ਜੇਬ ਹੀ ਭਰਨ ਤੇ ਦੂਜੇ ਰਾਜਾਂ ਵਿੱਚ ਚੋਣਾਂ ਜਿੱਤਣ ਤੇ ਉਹ ਸਭ ਕੁਝ ਕਰ ਰਹੇ ਹਨ, ਜੋ ਉਨ੍ਹਾਂ ਨੇ ਨਾ ਕਰਨ ਦਾ ਵਾਅਦਾ ਕੀਤਾ ਸੀ।
ਆਦੇਸ਼ ਗੁਪਤਾ ਨੇ ਕਿਹਾ ਕਿ ਸੱਤਾ ਦੇ ਨਸ਼ੇ ’ਚ ਧੁੱਤ ਕੇਜਰੀਵਾਲ ਨੇ 7 ਸਾਲ ਪਹਿਲਾਂ ਆਪਣੀ ‘ਸਵਰਾਜ’ ਨਾਂ ਦੀ ਕਿਤਾਬ ’ਚ ਲਿਖਿਆ ਸੀ ਕਿ ਸਿਆਸਤਦਾਨਾਂ ਅਤੇ ਅਫਸਰਾਂ ਨੂੰ ਸ਼ਰਾਬ ਦੀ ਦੁਕਾਨ ਖੋਲ੍ਹਣ ਲਈ ਰਿਸ਼ਵਤ ਦਿੱਤੀ ਜਾਂਦੀ ਹੈ ਤਾਂ ਕੀ ਕੇਜਰੀਵਾਲ ਅੱਜ ਦੱਸੇਗਾ ਕਿ ਉਨ੍ਹਾਂ ਕੋਲ ਕਿੰਨੇ ਕਰੋੜ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਲਿਆ ਗਿਆ? ਉਨ੍ਹਾਂ ਦੀ ਪਾਰਟੀ ਤੇ ਉਨ੍ਹਾਂ ਦੇ ਨੇਤਾਵਾਂ ਨੇ ਕਿੰਨਾ ਪੈਸਾ ਬਰਬਾਦ ਕੀਤਾ ਹੈ? ਉਨ੍ਹਾਂ ਕਿਹਾ ਕਿ ਮੁਹੱਲਾ ਸਭਾ ਤੇ ਔਰਤਾਂ ਨਾਲ ਗੱਲ ਕਰਕੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ 850 ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਤੋਂ ਪਹਿਲਾਂ ਉਸ ਨੇ ਕਿਸ ਨਾਲ ਗੱਲ ਕੀਤੀ ਸੀ। ਆਦੇਸ਼ ਗੁਪਤਾ ਨੇ ਕਿਹਾ ਕਿ ਸਰਕਾਰ ਵੱਲੋਂ ਨਵੀਂ ਆਬਕਾਰੀ ਨੀਤੀ ਲਾਗੂ ਕਰਨ ਪਿੱਛੇ ਕਾਰਨ ਇਹ ਦਿੱਤਾ ਗਿਆ ਸੀ ਕਿ ਸ਼ਰਾਬ ਦੀ ਵੰਡ ਅਤੇ ਇਸ ਨਾਲ ਮਾਲੀਆ ਵਧੇਗਾ ਜਦਕਿ ਅਸਲੀਅਤ ਇਹ ਹੈ ਕਿ ਦਿੱਲੀ ਦਾ ਬਜਟ 65 ਹਜ਼ਾਰ ਕਰੋੜ ਰੁਪਏ ਹੈ। ਬਜਟ ਦਾ ਲਗਭਗ 40 ਫ਼ੀਸਦੀ ਪੈਸਾ ਹਰ ਸਾਲ ਵਾਪਸ ਚਲਾ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਸਾਲਾਨਾ ਬਜਟ ਦਾ ਸਾਰਾ ਪੈਸਾ ਖਰਚ ਨਾ ਕਰ ਸਕਣ ਵਾਲੇ ਕੇਜਰੀਵਾਲ ਨੂੰ ਨਵੀਂ ਆਬਕਾਰੀ ਨੀਤੀ ਦੀ ਲੋੜ ਕਿਉਂ ਪਈ, ਜਦੋਂ ਕਿ ਉਹ ਆਪ ਵਿਧਾਨ ਸਭਾ ਵਿੱਚ ਰੌਲਾ ਪਾਉਂਦੇ ਰਹੇ ਹਨ ਕਿ ਦਿੱਲੀ ਦਾ ਸਾਲਾਨਾ ਬਜਟ ਸਰਪਲੱਸ ਹੈ।