ਮਨਧੀਰ ਦਿਓਲ
ਨਵੀਂ ਦਿੱਲੀ, 28 ਜੁਲਾਈ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਮੇਤ ਹੋਰ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਅੱਜ ਕੇਂਦਰ ਸਰਕਾਰ ਵੱਲੋਂ ਸ਼ਹਿਰਾਂ ਅਤੇ ਅਦਾਰਿਆਂ ਦੇ ਨਾਂ ਬਦਲਣ ਦੀ ਪ੍ਰਵਿਰਤੀ ਖ਼ਿਲਾਫ਼ ਤੇ ਇਸ ਕਾਰਜ ਪਿੱਛੇ ਇਸਲਾਮਫੋਬੀਆ ਹੋਣ ਦੇ ਦੋਸ਼ ਲਾਉਂਦੇ ਹੋਏ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਦਿੱਲੀ ਪੁਲੀਸ ਨੇ ਵਿਦਿਆਰਥੀਆਂ ਦੀ ਖਿੱਚ-ਧੂਹ ਕੀਤੀ, ਜਿਸ ਕਰ ਕੇ ਵਿਦਿਆਰਥੀਆਂ ਨੇ ਦਿੱਲੀ ਪੁਲੀਸ ਮੁਰਦਾਬਾਦ ਦੇ ਨਾਅਰੇ ਵੀ ਲਾਏ। ਪ੍ਰਦਰਸ਼ਨ ਵਿੱਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਸਮੇਤ ਹੋਰ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਹੋਏ।
ਉਨ੍ਹਾਂ ਕੇਂਦਰ ਸਰਕਾਰ ਉਪਰ ਸੰਘ ਦੇ ਅਸਰ ਦੀ ਖ਼ਿਲਾਫ਼ਤ ਕਰਦੇ ਹੋਏ ਸਿੱਖਿਆ ਸੰਸਥਾਵਾਂ ਵਿੱਚ ਹਿੰਦੂਵਾਦੀ ਏਜੰਡੇ ਲਾਗੂ ਕਰਨ ਦੀ ਨਿੰਦਾ ਕੀਤੀ। ‘ਆਇਸਾ’ ਦੇ ਪ੍ਰਧਾਨ ਐੱਨਸਾਈ ਬਾਲਾਜੀ ਨੇ ਦੱਸਿਆ ਕਿ ਨਾਂ ਬਦਲਣ ਦਾ ਇੱਕ ਵਰਤਾਰਾ ਸੰਘ ਬ੍ਰਿਗੇਡ ਵੱਲੋਂ ਡਾ. ਬੀ.ਆਰ. ਅੰਬੇਦਕਰ ਕਾਲਜ (ਡੀਯੂ) ਵਿੱਚ ਦਿਖਾਇਆ ਗਿਆ ਕਿ ਉਸ ਸਿੱਖਿਆ ਸੰਸਥਾ ਦੇ ਪ੍ਰਿੰਸੀਪਲ ਨੇ ਕਾਲਜ ਵਿੱਚ ਥੀਏਟਰਿਕਸ ਸੁਸਾਇਟੀ ਦਾ ਨਾਂ ‘ਇਲਹਾਮ’ ਤੋਂ ‘ਆਰੰਭ’ ਵਿੱਚ ਨਾ ਬਦਲਣ ਦੀ ਸੂਰਤ ਵਿੱਚ ਸੁਸਾਇਟੀ ਦੇ ਫੰਡ ਬੰਦ ਕਰਨ ਦੀ ਕਥਿਤ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸੰਘ ਤੋਂ ਪ੍ਰੇਰਿਤ ਅਧਿਕਾਰੀਆਂ ਦੇ ਇਸਲਾਮੋਫੋਬਿਕ ਤੇ ਤਾਨਾਸ਼ਾਹੀ ਰਵੱਈਏ ਨੂੰ ਉਜਾਗਰ ਕਰਦਾ ਹੈ।
ਵਿਦਿਆਰਥੀਆਂ ਨੇ ਕਿਹਾ,‘‘ ਇਸਨੂੰ ਸਾਡੇ ਕੈਂਪਸ ਦੀਆਂ ਥਾਵਾਂ ਨੂੰ ਭਗਵਾ ਕਰਨ ਅਤੇ ਵਿਦਿਆਰਥੀਆਂ ਨੂੰ ਧਮਕੀ ਦੇਣ ਦੀਆਂ ਘਟਨਾਵਾਂ ਦੀ ਇੱਕ ਲੰਬੀ ਲੜੀ ਦੇ ਹਿੱਸੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ।’’
ਉਨ੍ਹਾਂ ਕਿਹਾ ਕਿ ਨਾਂ ਬਦਲਣ ਦਾ ਵਰਤਾਰਾ ਆਪਣੇ ਆਪ ਵਿੱਚ ਇਹ ਸਭ ਕੁਝ ਨਹੀਂ ਹੈ ਤੇ ਸੰਘ ਸਰਕਾਰ ਨੇ ਅਤੀਤ ਵਿੱਚ ਆਪਣੇ ਇਸਲਾਮੋਫੋਬਿਕ ਅਤੇ ‘ਹਿੰਦੂਤਵ’ ਬਿਆਨਬਾਜ਼ੀ ਨੂੰ ਜਾਰੀ ਰੱਖਣ ਅਤੇ ਕਾਇਮ ਰੱਖਣ ਲਈ ਵੱਖ-ਵੱਖ ਥਾਵਾਂ ਅਤੇ ਸੰਸਥਾਵਾਂ ਦੇ ਨਾਮ ਭਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਵਿਦਿਆਰਥੀਆਂ ਦੁਆਰਾ ਚੁਣੇ ਗਏ ਇੱਕ ਉਰਦੂ ਨਾਂ ਲਈ ਸਪੱਸ਼ਟ ਨਫ਼ਰਤ ਦਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੁਆਰਾ ਚਲਾਏ ਜਾ ਰਹੇ ਸਮਾਜਾਂ ਦੀ ਖੁਦਮੁਖਤਿਆਰੀ ’ਤੇ ਇਸ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਸਭ ਸਪੱਸ਼ਟ ਹੈ ਕਿ ਪ੍ਰਸ਼ਾਸਨ ਕੈਂਪਸ ਦੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਤਬਾਹ ਕਰਨ ’ਤੇ ਤੁਲਿਆ ਹੋਇਆ ਹੈ। ‘ਏਆਈਐਸਏ’ ਦੇ ਕਾਰਕੁਨਾਂ ਨੇ ਬੀਆਰ ਅੰਬੇਦਕਰ ਕਾਲਜ ਦੇ ਬਾਹਰ ਗੇਟ ’ ਤੇ ਬਾਹਰ ਧਰਨਾ ਦਿੱਤਾ ਅਤੇ ਪ੍ਰਿੰਸੀਪਲ ਵੱਲੋਂ ਮੰਗ ਪੱਤਰ ਪ੍ਰਵਾਨ ਕੀਤੇ ਜਾਣ ਤੱਕ ਹਟਣ ਤੋਂ ਇਨਕਾਰ ਕਰ ਦਿੱਤਾ। ਦਿੱਲੀ ਪੁਲੀਸ ਨੇ ਵਿਦਿਆਰਥੀ ਕਾਰਕੁਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਹਿਰਾਸਤ ਵਿੱਚ ਲੈ ਕੇ ਭਜਨਪੁਰਾ ਥਾਣੇ ਲਿਜਾਇਆ ਗਿਆ।