ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਗਸਤ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ ਹੇਠ ਅੱਜ ਦਿੱਲੀ ਭਾਜਪਾ ਦੇ ਸਾਰੇ ਸੈੱਲਾਂ ਨੇ ਦਿੱਲੀ ਦੇ 1000 ਤੋਂ ਵੱਧ ਚੌਕਾਂ ਵਿੱਚ ਨਵੀਂ ਆਬਕਾਰੀ ਨੀਤੀ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮੱਦੇਨਜ਼ਰ ਮਨੀਸ਼ ਸਿਸੋਦੀਆ ਨੂੰ ਬਰਖਾਸਤ ਕਰਨ ਦੀ ਮੰਗ ਵਾਲੇ ਤਖ਼ਤੀਆਂ ਲੈ ਕੇ ਪ੍ਰਦਰਸ਼ਨ ਕੀਤਾ। ਭਾਜਪਾ ਨੇ ਕਿਹਾ ਕਿ ਦਿੱਲੀ ਭਾਜਪਾ ਸਿਸੋਦੀਆ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀ ਹੈ ਪਰ ਕੇਜਰੀਵਾਲ ਅਜੇ ਵੀ ਆਪਣੇ ਫਾਇਦੇ ਲਈ ਉਨ੍ਹਾਂ ਨੂੰ ਪਾਰਟੀ ਵਿੱਚ ਰੱਖੇ ਹੋਏ ਹਨ। ਆਈਟੀਓ ਚੌਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦਾ ਪਾਰਟੀ ਅਤੇ ਅਹੁਦੇ ’ਤੇ ਬਣੇ ਰਹਿਣਾ ਕੇਜਰੀਵਾਲ ਦੇ ਹੰਕਾਰ ਦਾ ਸਬੂਤ ਹੈ। ਕੇਜਰੀਵਾਲ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਉਦੋਂ ਹੀ ਸਮਝ ਆਇਆ ਜਦੋਂ ਪਿਛਲੇ ਤਿੰਨ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸਤੇਂਦਰ ਜੈਨ ਨੂੰ ਅੱਜ ਤੱਕ ਪਾਰਟੀ ਵਿੱਚੋਂ ਬਰਖ਼ਾਸਤ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਦਾ ਸ਼ਰਾਬ ਮਾਫੀਆ ਨਾਲ ਪਿਆਰ ਹੈ ਕਿ ਉਹ ਪਹਿਲਾਂ ਉਨ੍ਹਾਂ ਨੂੰ 144 ਕਰੋੜ ਰੁਪਏ ਮੁਆਫ ਕਰਦੇ ਹਨ ਅਤੇ ਫਿਰ 30 ਕਰੋੜ ਰੁਪਏ ਵਾਪਸ ਕਰਦੇ ਹਨ। ਜਦੋਂ ਭਾਜਪਾ ਨੇ ਪਹਿਲਾਂ ਇਹ ਸਵਾਲ ਕੀਤਾ ਸੀ ਕਿ ਕਿਹੜੀ ਮਜਬੂਰੀ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਠੇਕੇ ਖੋਲ੍ਹੇ ਜਾ ਰਹੇ ਹਨ ਤਾਂ ਇਸ ਸਵਾਲ ਦਾ ਜਵਾਬ ਹੁਣ ਮਿਲ ਗਿਆ ਕਿ ਸ੍ਰੀ ਸਿਸੋਦੀਆ ਨੇ ਕੇਜਰੀਵਾਲ ਦੀ ਸਰਪ੍ਰਸਤੀ ਹੇਠ ਦਿੱਲੀ ਵਿੱਚ ਹੀ ਦੁਕਾਨਾਂ ਦੀ ਗਿਣਤੀ ਵਧਾ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੇ ਲੋਕਾਂ ਦੇ ਸਵਾਲਾਂ ਤੋਂ ਬਚਣ ਦੀ ਮੁਸੀਬਤ ਕੇਜਰੀਵਾਲ ਨੂੰ ਹੀ ਆਈ ਹੈ ਕਿਉਂਕਿ ਕਥਿਤ ਭ੍ਰਿਸ਼ਟਾਚਾਰ ਕਰਨ ਤੋਂ ਪਹਿਲਾਂ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਦਾ ਪਰਦਾਫਾਸ਼ ਵੀ ਹੋਵੇਗਾ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਇਹ ਆਦਤ ਬਣ ਗਈ ਹੈ ਕਿ ਉਹ ਹਰ ਰੋਜ਼ ਜਨਤਾ ਦੇ ਸਾਹਮਣੇ ਝੂਠ ਫੈਲਾਉਂਦੇ ਹਨ ਅਤੇ ਫਿਰ ਜਦੋਂ ਇਸ ਦੀ ਪੋਲ ਖੁੱਲ੍ਹ ਜਾਂਦੀ ਹੈ ਤਾਂ ਉਹ ਜਵਾਬ ਦੇਣ ਤੋਂ ਭੱਜਦੇ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਸਿਸੋਦੀਆ ਖੁਦ ਵਿਧਾਨ ਸਭਾ ਵਿੱਚ ਬੋਲ ਰਹੇ ਸਨ ਕਿ ਸਰਕਾਰ ਨੂੰ ਫਾਇਦਾ ਪਹੁੰਚਾਉਣ ਲਈ ਆਬਕਾਰੀ ਨੀਤੀ ਲਿਆਂਦੀ ਗਈ ਸੀ ਪਰ ਇਸ ਨਾਲ ਮਾਲੀਏ ਦਾ ਨੁਕਸਾਨ ਹੋਇਆ ਹੈ। ਜਦੋਂ ਭਾਜਪਾ ਨੇ ਇਸ ਮਾਮਲੇ ’ਤੇ ਜਵਾਬ ਮੰਗਿਆ ਤਾਂ ਹੁਣ ਉਹ ਕਹਿਣ ਲੱਗ ਪਏ ਹਨ ਕਿ ਪਹਿਲਾਂ ਸਾਨੂੰ ਰਿਟੇਲ ਦੀ ਦੁਕਾਨ ਤੋਂ 6 ਕਰੋੜ ਮਿਲਦੇ ਸਨ ਪਰ ਸਰਕਾਰ ਨੇ 10 ਕਰੋੜ ਕਰ ਦਿੱਤੇ ਹਨ। ਦੁਕਾਨ ਦੀ ਲਾਇਸੈਂਸ ਫੀਸ 6 ਲੱਖ ਤੋਂ ਵਧਾ ਕੇ 5 ਕਰੋੜ ਕਰ ਦਿੱਤੀ।
ਬਿਧੂੜੀ ਵੱਲੋਂ ਕੇਜਰੀਵਾਲ ’ਤੇ ਝੂਠ ਬੋਲਣ ਦਾ ਦੋਸ਼
ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਜਨਪਥ ਚੌਕ, ਕਨਾਟ ਪਲੇਸ ਵਿੱਚ ਕਿਹਾ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਪਿਛਲੇ ਕਈ ਦਿਨਾਂ ਤੋਂ ਆਬਕਾਰੀ ਨੀਤੀ ਵਿੱਚ ਭ੍ਰਿਸ਼ਟਾਚਾਰ ਨੂੰ ਛੁਪਾਉਣ ਲਈ ਲਗਾਤਾਰ ਤਰ੍ਹਾਂ-ਤਰ੍ਹਾਂ ਦੇ ਝੂਠ ਬੋਲ ਰਹੀ ਹੈ।
ਕੇਜਰੀਵਾਲ ਸਰਕਾਰ ਨੇ ਵਾਆਦਖ਼ਿਲਾਫ਼ੀ ਕੀਤੀ: ਗੌਰਵ ਭਾਟੀਆ
ਨਵੀਂ ਦਿੱਲੀ: ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਦਿੱਲੀ ਵਿੱਚ 2400 ਕਮਰਿਆਂ ਦੀ ਲੋੜ ਸੀ ਪਰ ਇਸ ਨੂੰ ਵਧਾ ਕੇ 7180 ਕਮਰਿਆਂ ਤੱਕ ਕਰ ਦਿੱਤਾ ਗਿਆ ਹੈ। ਉਸਾਰੀ ਦੀ ਰਕਮ 50 ਤੋਂ ਵਧਾ ਕੇ 90 ਫ਼ੀਸਦੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਸੀਵੀਸੀ ਨੇ 17 ਫਰਵਰੀ 2020 ਨੂੰ ਦਿੱਲੀ ਸਰਕਾਰ ਦੇ ਸਕੱਤਰ ਨੂੰ ਇੱਕ ਰਿਪੋਰਟ ਭੇਜੀ ਪਰ ਅੱਜ ਤੱਕ ਯਾਨੀ 30 ਮਹੀਨਿਆਂ ਤੋਂ ਕੇਜਰੀਵਾਲ ਨੇ ਉਸ ’ਤੇ ਕਾਰਵਾਈ ਕਿਉਂ ਨਹੀਂ ਕੀਤੀ। ਕੇਜਰੀਵਾਲ ਕੋਲ ਟੈਂਡਰ ਵਿੱਚੋਂ 326 ਕਰੋੜ ਰੁਪਏ ਦਾ ਕੋਈ ਖਾਤਾ ਨਹੀਂ ਹੈ। ਜੇ ਕਿਸੇ ਟੈਂਡਰ ਵਿੱਚ ਕੋਈ ਬਦਲਾਅ ਹੁੰਦਾ ਹੈ ਤਾਂ ਉਹ ਜਨਤਕ ਖੇਤਰ ਵਿੱਚ ਆਉਂਦਾ ਹੈ ਪਰ ਕੇਜਰੀਵਾਲ ਸਰਕਾਰ ਨੇ ਅਜਿਹਾ ਨਹੀਂ ਕੀਤਾ। ਸ੍ਰੀ ਭਾਟੀਆ ਨੇ ਕਿਹਾ ਕਿ ਵਧੀ ਲਾਗਤ ਤੋਂ ਬਾਅਦ 6133 ਕਲਾਸ ਰੂਮ ਬਣਾਏ ਜਾਣੇ ਸਨ ਪਰ ਸਿਰਫ 4027 ਕਲਾਸ ਰੂਮ ਹੀ ਬਣਾਏ ਗਏ ਹਨ। ਸਕੂਲਾਂ ਵਿੱਚ 160 ਪਖਾਨਿਆਂ ਦੀ ਲੋੜ ਹੈ ਪਰ ਕੇਜਰੀਵਾਲ ਸਰਕਾਰ ਨੇ ਕਿਹਾ ਕਿ 1214 ਪਖਾਨਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਕਮਰਿਆਂ ਵਿੱਚ ਪਖਾਨੇ ਦੀ ਗਿਣਤੀ ਕਰਵਾ ਕੇ ਕੇਜਰੀਵਾਲ ਨਾ ਸਿਰਫ਼ ਦਿੱਲੀ ਦੇ ਬੱਚਿਆਂ ਨਾਲ ਖੇਡ ਰਿਹਾ ਹੈ ਸਗੋਂ ਟੈਕਸਦਾਤਾਵਾਂ ਦਾ ਪੈਸਾ ਵੀ ਲੁੱਟ ਰਿਹਾ ਹੈ। ਉਹ 29 ਰੇਨ ਵਾਟਰ ਹਾਰਵੈਸਟਿੰਗ ਸਿਸਟਮ ਬਣਾਉਣ ਦੀ ਗੱਲ ਕਰਦੇ ਰਹੇ ਪਰ ਜਦੋਂ ਜਾਂਚ ਕੀਤੀ ਗਈ ਤਾਂ ਦੋ ਹੀ ਦਿਖਾਈ ਦਿੱਤੇ। ਮਤਲਬ ਬਾਕੀ 27 ਦਾ ਪੈਸਾ ਖਤਮ ਹੋ ਗਿਆ।