ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੂਨ
ਕੇਵਾਈਐੱਸ ਨੇ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਨ ਤੇ ਸੰਘਰਸ਼ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਤੱਕ ਲਿਜਾਣ ਦਾ ਐਲਾਨ ਕੀਤਾ ਹੈ। ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਦੇ ਕਾਰਕੁਨਾਂ ਨੇ ਅੱਜ ਦਿੱਲੀ ਯੂਨੀਵਰਸਿਟੀ ਦੇ ਪਛੜੇ ਵਿਦਿਆਰਥੀਆਂ ਪ੍ਰਤੀ ਉਦਾਸੀਨ ਰਵੱਈਏ ਤੇ ਦਿੱਲੀ ਪੁਲੀਸ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਕਾਲੀਆਂ ਪੱਟੀਆਂ ਬੰਨ੍ਹ ਕੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਅਣਮਿੱਥੇ ਸਮੇਂ ਦੇ ਧਰਨੇ ਦਾ ਅੱਜ 11ਵਾਂ ਦਿਨ ਸੀ। ਸਟੀਫਨਜ਼ ਕਾਲਜ ਦੇ ਪੱਖਪਾਤੀ ਕੱਟ-ਆਫ ਨੂੰ ਹਟਾਉਣ ਦੇ ਨਾਲ-ਨਾਲ, ਪ੍ਰਦਰਸ਼ਨ ਨੇ ਸਰਕਾਰੀ ਉੱਚ ਸਿੱਖਿਆ ਵਿੱਚ ਬਾਹਰ ਕੀਤੇ ਸਮਾਜਿਕ ਵਰਗਾਂ ਨੂੰ ਲਿਆਉਣ ਲਈ ਢਾਂਚਾਗਤ ਮੰਗਾਂ ਉਠਾਈਆਂ। ਇਸ ਪ੍ਰਦਰਸ਼ਨ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਦਾਖਲਾ ਪ੍ਰਕਿਰਿਆ ਵਿੱਚ 20 ਫ਼ੀਸਦੀ ਰਿਆਇਤੀ ਅੰਕ ਦੇਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਡੀਯੂ ਵਿੱਚ ਨਵੇਂ ਕਾਲਜ ਖੋਲ੍ਹਣ ਤੇ ਸੀਟਾਂ ਵਧਾਉਣ ਅਤੇ ਡੀਯੂ ਦੇ ਸਾਰੇ ਕਾਲਜਾਂ ਵਿੱਚ ਸ਼ਾਮ ਦੀ ਸ਼ਿਫਟ ਵਿੱਚ ਕਲਾਸਾਂ ਸ਼ੁਰੂ ਕਰਨ ਦੀ ਮੰਗ ਕੀਤੀ ਗਈ। ਕੇਵਾਈਐੱਸ ਵੱਲੋਂ ਉੱਚ ਸਿੱਖਿਆ ਵਿੱਚ ਬਰਾਬਰੀ ਲਈ ਅੰਦੋਲਨ ਵਿੱਚ ਸਾਰੇ ਪ੍ਰਗਤੀਸ਼ੀਲ ਅਤੇ ਜਮਹੂਰੀ ਆਵਾਜ਼ਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ। ਕੇਵਾਈਐੱਸ ਨੇ ਆਪਣੀ ਮੁਹਿੰਮ ਨੂੰ ਤੇਜ਼ ਕਰਨ, ਅਤੇ ਸੰਘਰਸ਼ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਤੱਕ ਲਿਜਾਣ ਦਾ ਐਲਾਨ ਕੀਤਾ। ਇਸ ਮੌਕੇ ਦਿੱਲੀ ਯੂਨੀਵਰਸਿਟੀ ਤੇ ਦਿੱਲੀ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।