ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਗਸਤ
ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਮੌਕੇ ’ਤੇ ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਅਤੇ ਸਫ਼ਾਈ ਕਰਮਚਾਰੀ ਯੂਨੀਅਨ (ਐੱਸ.ਕੇ.ਯੂ.) ਦੇ ਮੈਂਬਰਾਂ ਨੇ ਅੱਜ ਜੰਤਰ-ਮੰਤਰ ’ਤੇ ‘ਆਜ਼ਾਦੀ ਦਾ ਵਿਸ਼-ਮਹੱਤਵ’ ਤਹਿਤ ਰੋਸ ਪ੍ਰਦਰਸ਼ਨ ਕੀਤਾ। ਭਾਰਤ ਵਿੱਚ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਗਟਰ-ਸੀਵਰ ਅਤੇ ਸਫ਼ਾਈ ਦੇ ਕੰਮ ਦੌਰਾਨ ਹੁੰਦੀਆਂ ਸਫ਼ਾਈ ਸੇਵਕਾਂ ਦੀ ਮੌਤ ਖ਼ਿਲਾਫ਼ ਰੋਸ ਪ੍ਰਗਟਾਇਆ। ਵਿਦਿਆਰਥੀਆਂ ਨੇ ਕਿਹਾ ਕਿ ਹਰ ਸਾਲ ਗਟਰ ਅਤੇ ਸੀਵਰ ਦੀ ਸਫ਼ਾਈ ਕਰਦੇ ਸਮੇਂ ਸਫ਼ਾਈ ਕਰਮਚਾਰੀਆਂ ਦੀ ਮੌਤ ਹੋ ਜਾਂਦੀ ਹੈ, ਹਾਲਾਂਕਿ ਇਹ ਕੰਮ ਗ਼ੈਰਕਾਨੂੰਨੀ ਹੈ। ਸਫ਼ਾਈ ਕਰਮਚਾਰੀਆਂ ਨੇ ‘ਹਮ ਹੈ ਗਟਰ ਮੇਂ ਪਰ ਤਿਰੰਗਾ ਨਹੀਂ ਝੁਕਨੇ ਦੇਂਗੇ’ ਦੇ ਨਾਅਰੇ ਲਾਏ। ਉਨ੍ਹਾਂ ਦੋਸ਼ ਲਾਇਆ ਕਿ ਹਰ ਰੋਜ਼ ਸਫ਼ਾਈ ਕਰਮਚਾਰੀਆਂ ਦੀਆਂ ਜਾਨਾਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਸਰਕਾਰਾਂ ਦੇਸ਼ ਵਿੱਚ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਮਨਾ ਰਹੀਆਂ ਹਨ।
ਉਨ੍ਹਾਂ ਮੁਤਾਬਕ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ ਪ੍ਰਤੀ ਅਪਰਾਧਿਕ ਅਣਗਹਿਲੀ ਪਿੱਛੇ ਸਮਾਜ ਵਿੱਚ ਫੈਲੀ ਜਾਤੀਵਾਦੀ ਮਾਨਸਿਕਤਾ ਅਤੇ ਜਮਾਤੀ ਵਿਤਕਰਾ ਹੈ। ਜ਼ਿਆਦਾਤਰ ਸਫ਼ਾਈ ਕਰਮਚਾਰੀ ਦਲਿਤ ਭਾਈਚਾਰੇ ਤੋਂ ਆਉਂਦੇ ਹਨ ਅਤੇ ਕੰਮ ਕਰਨ ਲਈ ਮਜਬੂਰ ਹਨ। ਇਨ੍ਹਾਂ ਆਰਥਿਕ ਅਤੇ ਸਮਾਜਿਕ ਅਯੋਗਤਾਵਾਂ ਕਾਰਨ ਹੀ ਉਹ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਨਾਲ ਹੀ ਸਾਰੇ ਸਰਕਾਰੀ ਵਿਭਾਗਾਂ ਵਿੱਚ ਸਫ਼ਾਈ ਕਰਮਚਾਰੀਆਂ ਦੀ ਠੇਕਾ ਆਧਾਰਿਤ ਨਿਯੁਕਤੀ ਉਨ੍ਹਾਂ ਲਈ ਹੋਰ ਸਮੱਸਿਆਵਾਂ ਪੈਦਾ ਕਰ ਰਹੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦਾ ਰੁਜ਼ਗਾਰ ਅਤੇ ਸੁੱਕੇ ਪਖਾਨੇ ਦੀ ਉਸਾਰੀ (ਪ੍ਰਬੰਧਨ) ਐਕਟ, 1993 ਨੂੰ ਸਫ਼ਾਈ ਕਰਮਚਾਰੀਆਂ ਲਈ ਕੌਮੀ ਕਮਿਸ਼ਨ ਦੇ ਗਠਨ ਦੇ ਨਾਲ ਪਾਸ ਕੀਤਾ ਗਿਆ ਸੀ ਪਰ ਇਸ ਕਾਨੂੰਨੀ ਪਾਬੰਦੀ ਦੇ ਬਾਵਜੂਦ ਹੱਥੀ ਸਫ਼ਾਈ ਦਾ ਅਣਮਨੁੱਖੀ ਵਰਤਾਰਾ ਜਾਰੀ ਹੈ। ਇੰਨਾ ਹੀ ਨਹੀਂ ਸਫ਼ਾਈ ਦੇ ਜ਼ਿਆਦਾਤਰ ਕੰਮਾਂ ਦੇ ਨਿੱਜੀਕਰਨ ਕਾਰਨ ਮਾਲਕ ਅਤੇ ਠੇਕੇਦਾਰ ਹਰ ਰੋਜ਼ ਮੁਲਾਜ਼ਮਾਂ ਨੂੰ ਇਹ ਜੋਖਮ ਭਰਿਆ ਕੰਮ ਕਰਨ ਲਈ ਮਜਬੂਰ ਕਰਦੇ ਹਨ। ਉਨ੍ਹਾਂ ਮੁਤਾਬਕ ਕਿਰਤ ਕਾਨੂੰਨ ਲਾਗੂ ਨਾ ਹੋਣ ਦੀ ਸੂਰਤ ਵਿੱਚ ਪ੍ਰਾਈਵੇਟ ਠੇਕੇਦਾਰਾਂ ਨੂੰ ਸ਼ੋਸ਼ਣ ਕਰਨ ਦੀ ਖੁੱਲ੍ਹ ਦਿੱਤੀ ਜਾਂਦੀ ਹੈ ਅਤੇ ਇਸ ਨਾਲ ਦੇਸ਼ ਭਰ ਵਿੱਚ ਮਜ਼ਦੂਰਾਂ ਦਾ ਜੀਵਨ ਦੁਸ਼ਵਾਰ ਹੋ ਜਾਂਦਾ ਹੈ। ਇਹ ਘਟਨਾ ਨਾ ਸਿਰਫ਼ ਸਫ਼ਾਈ ਸੇਵਕਾਂ ਨੂੰ, ਸਗੋਂ ਗ਼ੈਰ-ਰਸਮੀ ਖੇਤਰ ਵਿੱਚ ਕੰਮ ਕਰਨ ਵਾਲੇ ਸਾਰੇ ਕਾਮਿਆਂ ਨੂੰ ਵੀ ਮਾਲਕਾਂ ਹੱਥੋਂ ਨੰਗਾ ਕਰਦੀ ਹੈ।
ਬੁਲਾਰੇ ਭੀਮ ਕੁਮਾਰ ਨੇ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕੇਵਾਈਐੱਸ ਅਤੇ ਐੱਸਕੇਯੂ ਮੰਗ ਕਰਦੇ ਹਨ ਕਿ ਨਿਗਮ ਕੌਂਸਲਾਂ, ਪ੍ਰਾਈਵੇਟ ਕੰਪਨੀਆਂ ਅਤੇ ਠੇਕੇਦਾਰਾਂ ਵੱਲੋਂ ਸਫਾਈ ਕਰਮਚਾਰੀਆਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ। ਨਾਲ ਹੀ ਮੁਲਾਜ਼ਮਾਂ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਨਿੱਜੀਕਰਨ ਨੂੰ ਖਤਮ ਕੀਤਾ ਜਾਵੇ।