ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਅਕਤੂਬਰ
ਪ੍ਰੋ. ਜੀਐੱਨ ਸਾਈਬਾਬਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ ਦੀ ਆਰਟ ਫੈਕਲਟੀ ਨੇੜੇ ’ਵਰਸਿਟੀ ਵਿਦਿਆਰਥੀਆਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦਿੱਲੀ ਪੁਲੀਸ ਵੱਲੋਂ ਵਿਦਿਆਰਥੀਆਂ ਨਾਲ ਖਿੱਚ-ਧੂਹ ਕੀਤੀ ਗਈ। ਵਿਦਿਆਰਥੀ ਜਥੇਬੰਦੀ ‘ਆਇਸਾ’ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਨੇ ਉਸ ਦੇ ਪੰਜ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਕੇ ਬੁਰਾੜੀ ਥਾਣੇ ਵਿੱਚ ਰੱਖਿਆ। ਜਥੇਬੰਦੀ ਨੇ ਦੋਸ਼ ਲਾਇਆ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਦਿੱਲੀ ਪੁਲੀਸ ਵੱਲੋਂ ਕਥਿਤ ਕੁੱਟਮਾਰ ਕੀਤੀ ਗਈ।
ਵਿਦਿਆਰਥੀਆਂ ਨੇ ਦੱਸਿਆ ਕਿ ਉਹ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਨ ਕਿ ਪੁਲੀਸ ਨੇ ਉਨ੍ਹਾਂ ਨਾਲ ਕਥਿਤ ਧੱਕਾ-ਮੁੱਕੀ ਕੀਤੀ। ਵਿਦਿਆਰਥੀਆਂ ਨੇ ਜੀਐੱਨ ਸਾਈਬਾਬਾ ਸਮੇਤ ਹੇਮ ਮਿਸ਼ਰਾ, ਵਿਜੈ ਤੇ ਮਹੇਸ਼ ਟਿਰਕੀ ਨੂੰ ਛੱਡਣ ਦੀ ਮੰਗ ਕੀਤੀ ਗਈ। ਵਿਦਿਆਰਥੀਆਂ ਨੇ ਇਸ ਗੱਲੋਂ ਗੁੱਸਾ ਜ਼ਾਹਿਰ ਕੀਤਾ ਕਿ ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਦੇ ਫ਼ੈਸਲੇ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸ ਕਾਰਨ ਸਾਈਬਾਬਾ ਦੀ ਰਿਹਾਈ ਸੰਭਵ ਨਹੀਂ ਹੋ ਸਕੀ। ਉਹ ਇਸ ਸਮੇਂ ਨਾਗਪੁਰ ਜੇਲ੍ਹ ਵਿੱਚ ਬੰਦ ਹਨ।
ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੰਦਿਤਾ ਨਰਾਇਣ, ਸਰੋਜ ਗਿਰੀ ਤੇ ਜਤਿੰਦਰ ਮੀਨਾ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਪ੍ਰੋ. ਸਾਈਬਾਬਾ ਦੀ ਰਿਹਾਈ ਨਾ ਹੋਣ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। ਬੁਲਾਰਿਆਂ ਨੇ ਵਿਦਿਆਰਥੀਆਂ ਦੀ ਮੰਗ ਨਾਲ ਸਹਿਮਤੀ ਪ੍ਰਗਟਾਈ। ਉਨ੍ਹਾਂ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ। ਵਿਦਿਆਰਥੀਆਂ ਮੁਤਾਬਕ, ਸ਼ਾਮ ਨੂੰ ਹਿਰਾਸਤ ਵਿੱਚ ਲਏ ਵਿਦਿਆਰਥੀ ਛੱਡ ਦਿੱਤੇ ਗਏ ਤੇ ਆਇਸਾ ਦੇ ਦਿੱਲੀ ਦੇ ਪ੍ਰਧਾਨ ਅਭਿਗਿਆਨ ਤੇ ਦਿੱਲੀ ਯੂਨੀਵਰਸਿਟੀ ਦੀ ਆਇਸਾ ਇਕਾਈ ਦੇ ਜਨਰਲ ਸਕੱਤਰ ਮਾਨਿਕ ਸਮੇਤ ਹੋਰਨਾਂ ਖ਼ਿਲਾਫ਼ ਦਿੱਲੀ ਪੁਲੀਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ।
ਆਇਸਾ ਨੇ ਜਾਰੀ ਬਿਆਨ ਵਿੱਚ ਕਿਹਾ, ‘ਸੁਪਰੀਮ ਕੋਰਟ ਦਾ ਇਹ ਫ਼ੈਸਲਾ ਕਾਨੂੰਨ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਜਿਸ ਤਰੀਕੇ ਨਾਲ ਮੌਜੂਦਾ ਸ਼ਾਸਨ ਨੇ ਪਹਿਲਾਂ ਤੋਂ ਹੀ ਬੇਇਨਸਾਫ਼ੀ ਵਾਲੀ ਅਪਰਾਧਕ ਨਿਆਂ ਪ੍ਰਣਾਲੀ ਨੂੰ ਆਪਣੀਆਂ ਨੀਤੀਆਂ ਵਿਰੁੱਧ ਖੜ੍ਹੇ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਬੰਦ ਕਰਨ ਲਈ ਹਥਿਆਰ ਬਣਾਇਆ ਹੈ। ਉਹ ਯੂਏਪੀਏ ਦੀ ਵਰਤੋਂ ਤੋਂ ਸਪਸ਼ਟ ਹੈ।’’