ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਗਸਤ
ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਦੇ ਉਪ ਪ੍ਰਧਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਅੱਜ ਜਥੇਬੰਦੀਆਂ ਦੀਆਂ ਵੱਖ-ਵੱਖ ਮੰਗਾਂ ਸਬੰਧੀ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ‘ਚ ਬੈਠ ਗਏ। ਇਸ ਦੌਰਾਨ ਪ੍ਰਹਿਲਾਦ ਮੋਦੀ ਨੇ ਫੈਡਰੇਸ਼ਨ ਦੇ ਕਈ ਹੋਰ ਮੈਂਬਰਾਂ ਨਾਲ ਬੈਨਰ ਫੜ ਕੇ ਨਾਅਰੇਬਾਜ਼ੀ ਕੀਤੀ। ਪ੍ਰਹਿਲਾਦ ਮੋਦੀ ਨੇ ਦੱਸਿਆ ਕਿ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਬੁੱਧਵਾਰ ਨੂੰ ਕੌਮੀ ਕਾਰਜਕਾਰਨੀ ਦੀ ਮੀਟਿੰਗ ਕਰੇਗੀ ਤੇ ਉਸ ਦੇ ਆਧਾਰ ‘ਤੇ ਆਪਣੀ ਅਗਲੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ। ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਦੇ ਰਾਸ਼ਟਰੀ ਜਨਰਲ ਸਕੱਤਰ ਬਿਸ਼ੰਭਰ ਬਾਸੂ ਨੇ ਦੱਸਿਆ ਕਿ ਉਹ ਭਲਕੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਇਹ ਵੀ ਮੰਗ ਕੀਤੀ ਗਈ ਹੈ ਕਿ ਮੁਫਤ ਵੰਡ ਦਾ ‘ਪੱਛਮੀ ਬੰਗਾਲ ਰਾਸ਼ਨ ਮਾਡਲ’ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇ। ਮੈਂਬਰਾਂ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਸਮੇਤ ਸਾਰੇ ਰਾਜਾਂ ਲਈ ਸਾਰੇ ਬਕਾਇਆ ਮਾਰਜਨ ਦੀ ਤੁਰੰਤ ਭਰਪਾਈ ਕੀਤੀ ਜਾਣੀ ਚਾਹੀਦੀ ਹੈ। ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਚੌਲ, ਕਣਕ ਅਤੇ ਖੰਡ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕਰ ਰਹੀ ਹੈ ਅਤੇ ਖਾਣ ਵਾਲੇ ਤੇਲ ਤੇ ਦਾਲਾਂ ਨੂੰ ਵੀ ਵਾਜਬ ਕੀਮਤ ਵਾਲੀਆਂ ਦੁਕਾਨਾਂ ਰਾਹੀਂ ਸਪਲਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪ੍ਰਹਿਲਾਦ ਮੋਦੀ ਨੇ ਕਿਹਾ ਕਿ ਡਿੱਪੂਧਾਰਕਾਂ ਦੀ ਫੈਡਰੇਸ਼ਨ ਦਾ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਵੀ ਸੌਂਪੇਗਾ, ਜਿਸ ਵਿੱਚ ਫੈਡਰੇਸ਼ਨ ਦੀਆਂ ਲਟਕੀਆਂ ਮੰਗਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦੁਕਾਨਾਂ ਚਲਾਉਣ ਵਾਲਿਆਂ ਨੂੰ ਇੱਕ ਕਿਲੋ ਪਿੱਛੇ ਸਿਰਫ਼ 20 ਪੈਸੇ ਦਾ ਵਾਧਾ ਇੱਕ ਕੋਝਾ ਮਜ਼ਾਕ ਹੈ। ਇਸ ਦੌਰਾਨ ਫੈਡਰੇਸ਼ਨ ਨੇ ਮੰਗ ਕੀਤੀ ਕਿ ਕੇਂਦਰ ਸਰਕਾ ਡਿੱਪੂਧਾਰਕਾਂ ਦੀ ਆਰਥਿਕ ਮੰਦਹਾਲੀ ਖਤਮ ਕਰੇ ਤੇ ਸਸਤੀ ਦਰ ਦੇ ਡਿਪੂਆਂ ਨੂੰ ਰਾਹਤ ਦਿੱਤੀ ਜਾਵੇ। ਬਿਸ਼ੰਭਰ ਦਾਸ ਨੇ ਕਿਹਾ ਕਿ ਖਾਣ ਵਾਲੇ ਤੇਲ, ਦਾਲਾਂ ਤੇ ਐਲਪੀਜੀ ਗੈਸ ਸਿਲੰਡਰਾਂ ਦੀ ਵਾਜਬ ਕੀਮਤ ਵਾਲੀਆਂ ਦੁਕਾਨਾਂ ਰਾਹੀਂ ਸਪਲਾਈ ਕੀਤੀ ਜਾਵੇ ਤੇ ਪੇਂਡੂ ਖੇਤਰ ਵਿਚਲੇ ਡਿੱਪੂਆਂ ਦੇ ਸੰਚਾਲਕਾਂ ਨੂੰ ਚੌਲ, ਕਣਕ ਲਈ ਸਿੱਧੇ ਖਰੀਦਦਾਰ ਏਜੰਟ ਵੱਜੋਂ ਕੰਮ ਕਰਨ ਦੀ ਆਗਿਆ ਵੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਨਹੀ ਮੰਨੀਆਂ ਜਾਂਦੀਆਂ ਉੱਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ। ਸ੍ਰੀ ਦਾਸ ਨੇ ਕਿਹਾ ਕਿ ਉਨ੍ਹਾ ਮੰਗਾਂ ਟੀਐਮਸੀ ਸੰਸਦ ਮੈਂਬਰ ਸੌਗਾਤਾ ਨੇ ਵੀ ਸੰਸਦ ਵਿੱਚ ਬੁਲੰਦ ਕੀਤੀਆਂ ਸਨ।