ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਨਵੰਬਰ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐਸ) ਦੇ ਕਾਰਕੁਨਾਂ ਤੇ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ਼ ਓਪਨ ਲਰਨਿੰਗ (ਐਸਓਐਲ) ਦੇ ਵਿਦਿਆਰਥੀਆਂ ਨੇ ਅੱਜ ਐਸਓਐਲ ਬਿਲਡਿੰਗ, ਡੀਯੂ ਉੱਤਰੀ ਕੈਂਪਸ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਇਹ ਰੋਸ ਪ੍ਰਦਰਸ਼ਨ ਐਸਓਐਲ ਪ੍ਰਸ਼ਾਸਨ ਖ਼ਿਲਾਫ਼ ਸੀ ਜਿਸ ਨੇ ਹੁਣ ਤੱਕ ਨਾ ਤਾਂ ਵਿਦਿਆਰਥੀਆਂ ਨੂੰ ‘ਪ੍ਰਿੰਟਿਡ ਸਟੱਡੀ ਮਟੀਰੀਅਲ’ ਮੁਹੱਈਆ ਕਰਵਾਇਆ ਹੈ ਤੇ ਨਾ ਹੀ ਉਨ੍ਹਾਂ ਨੂੰ ਆਨਲਾਈਨ ਕਲਾਸਾਂ ਦਿੱਤੀਆਂ ਹਨ ਜਦੋਂਕਿ ਇਸ ਮਹੀਨੇ ਦੇ ਅੰਤ ਤੱਕ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ। ਇਸ ਸਬੰਧੀ ਕਾਰਕੁਨਾਂ ਤੇ ਵਿਦਿਆਰਥੀਆਂ ਦਾ ਵਫ਼ਦ ਐਸਓਐਲ ਪ੍ਰਿੰਸੀਪਲ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਦੀਆਂ ਗੰਭੀਰ ਸਮੱਸਿਆਵਾਂ ਬਾਰੇ ਦੱਸਿਆ ਤੇ ਉਨ੍ਹਾਂ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕੀਤੀ ਗਈ।
ਦੱਸਣਯੋਗ ਹੈ ਕਿ ਐਸਓਐਲ ਦੇ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਜਾ ਰਹੀਆਂ ਹਨ। ਪਰ ਪ੍ਰਿੰਟਿਡ ਸਟੱਡੀ ਮਟੀਰੀਅਲ ਅਜੇ ਤੱਕ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਇਆ ਗਿਆ। ਐਸਓਐਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲੱਖਾਂ ਵਿੱਚ ਹੈ। ਪਛੜੇ ਤੇ ਹਾਸ਼ੀਆਗਤ ਲੱਖਾਂ ਵਿਦਿਆਰਥੀਆਂ ਪ੍ਰਤੀ ਐਸਓਐਲ ਪ੍ਰਸ਼ਾਸਨ ਦੀ ਉਦਾਸੀਨਤਾ ਇਸ ਤੱਥ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਕੋਈ ਅਧਿਐਨ ਸਮੱਗਰੀ ਨਹੀਂ ਦਿੱਤੀ ਗਈ ਹੈ। ਆਨਲਾਈਨ ਅਧਿਐਨ ਸਮੱਗਰੀ ਵੀ ਅੱਧੀ ਅਧੂਰੀ ਹੈ ਤੇ ਐਸਓਐਲ ਦੇ ਜ਼ਿਆਦਾਤਰ ਵਿਦਿਆਰਥੀਆਂ ਕੋਲ ਇਸ ਅਧਿਐਨ ਸਮੱਗਰੀ ਨੂੰ ਪੜ੍ਹਨ ਲਈ ਹਾਈ-ਟੈਕ ਉਪਕਰਨ ਤੇ ਕੰਪਿਊਟਰ ਆਦਿ ਨਹੀਂ ਹਨ।
ਯੂਨੀਵਰਸਿਟੀ ਬੰਦ ਹੋਣ ਦੀ ਸੂਰਤ ਵਿੱਚ ਵੀ ਕਾਲਜ ਦੇ ਰੈਗੂਲਰ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ, ਪਰ ਐਸਓਐਲ ਦੇ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਨਹੀਂ ਦਿੱਤੀਆਂ ਗਈਆਂ ਹਨ। ਇਨ੍ਹਾਂ ਸਾਰੇ ਗੰਭੀਰ ਮਸਲਿਆਂ ਕਾਰਨ ਜ਼ਿਆਦਾਤਰ ਵਿਦਿਆਰਥੀ ਬਹੁਤ ਪ੍ਰੇਸ਼ਾਨ ਹਨ ਤੇ ਆਉਣ ਵਾਲੀਆਂ ਪ੍ਰੀਖਿਆਵਾਂ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਫੇਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਮੰਗ ਕੀਤੀ ਕਿ ਦੂਜੇ ਤੇ ਤੀਜੇ ਸਾਲ ਦੇ ਵਿਦਿਆਰਥੀਆਂ ਨੂੰ ਪ੍ਰਿੰਟਿਡ ਸਟੱਡੀ ਮਟੀਰੀਅਲ ਅਤੇ ਆਨਲਾਈਨ ਕਲਾਸਾਂ ਤੁਰੰਤ ਮੁਹੱਈਆ ਕਰਵਾਈਆਂ ਜਾਣ। ਇਸ ਤੋਂ ਇਲਾਵਾ ਪ੍ਰੀਖਿਆ ਦੀ ਮਿਤੀ ਵਧਾਈ ਜਾਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਨ ਅਤੇ ਪ੍ਰੀਖਿਆ ਦੀ ਤਿਆਰੀ ਕਰਨ ਲਈ ਉਚਿਤ ਸਮਾਂ ਮਿਲ ਸਕੇ। ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਕੇਵਾਈਐਸ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੇਂਦਰੀ ਸਿੱਖਿਆ ਮੰਤਰੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ।
ਆਇਸਾ’ ਵੱਲੋਂ ਹੈਦਰਪੋਰਾ ਘਟਨਾ ਖ਼ਿਲਾਫ਼ ਪ੍ਰਦਰਸ਼ਨ਼
ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੀ ਆਟਰਸ ਫੈਕਲਟੀ ਨੇੜੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਪ੍ਰਦਰਸ਼ਨ ਕਰ ਕੇ ਜੰਮੂ-ਕਸ਼ਮੀਰ ਦੇ ਹੈਦਰਪੋਰਾ ਵਿਚ ਆਮ ਨਾਗਰਿਕਾਂ ਦੇ ਕਥਿਤ ਕਤਲ ਦੀ ਨਿਖੇਧੀ ਕੀਤੀ ਗਈ। ਵਿਦਿਆਰਥੀ ਪਹਿਲਾਂ ਤੋਂ ਹੀ ਦਿੱਲੀ ਯੂਨੀਵਰਸਿਟੀ ਨੂੰ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕਰ ਰਹੇ ਹਨ। ਆਇਸਾ ਦੇ ਕਾਰਕੁਨਾਂ ਨੇ ਦੋਸ਼ ਲਾਇਆ ਕਿ ਸਰਕਾਰ ਤੇ ਪ੍ਰਸ਼ਾਸਨ ਹੈਦਰਪੋਰਾ ਵਿੱਚ ਹੋਏ ਕਤਲਾਂ ਬਾਰੇ ਜਵਾਬ ਦੇਣ। ਵਿਦਿਆਰਥੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਕਸ਼ਮੀਰ ਵਿੱਚ ਪ੍ਰਵੇਜ਼ ਖੂਰਮ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਕਸ਼ਮੀਰੀਆਂ ਉਪਰ ਤਸ਼ੱਦਦ ਕਰਨਾ ਬੰਦ ਕਰਨ ਦੀ ਵੀ ਮੰਗ ਕੀਤੀ। ਵਿਦਿਆਰਥੀਆਂ ਨੇ ਅਲਤਾਫ਼ ਭੱਟ, ਮੁਦੱਸਰ ਗੁੱਲ ਤੇ ਅਮੀਰ ਨੂੰ ਨਿਆਂ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਜੰਮੂ-ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਖ਼ਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਤੇ ਕਸ਼ਮੀਰੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟਾਈ। ਵਿਦਿਆਰਥੀਆਂ ਵੱਲੋਂ ’ਵਰਸਿਟੀ ਖੋਲ੍ਹਣ ਲਈ ਭੁੱਖ ਹੜਤਾਲ ਦਾ 16ਵਾਂ ਦਿਨ ਸੀ।