ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ
ਭਾਜਪਾ ਵੱਲੋਂ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਖ਼ਿਲਾਫ਼ ਆਏ ਦਿਨ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਨਵੀਂ ਆਬਕਾਰੀ ਨੀਤੀ ਤਹਿਤ ਦਿੱਤੇ ਗਏ ਠੇਕਿਆਂ ਖ਼ਿਲਾਫ਼ ਦਿੱਲੀ ਦੇ ਉਪ ਰਾਜਪਾਲ ਨੇ ਸੀਬੀਆਈ ਨੂੰ ਜਾਂਚ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਤੋਂ ਬਾਅਦ ਹੀ ਭਾਜਪਾ ਤੇ ਕਾਂਗਰਸ ਵੱਲੋਂ ‘ਆਪ’ ਉਪਰ ਸਿਆਸੀ ਹੱਲੇ ਬੋਲੇ ਜਾ ਰਹੇ ਹਨ। ਭਾਜਪਾ ਆਗੂਆਂ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜੋ ਆਬਕਾਰੀ ਮਹਿਕਮਾ ਵੀ ਸਾਂਭਦੇ ਹਨ, ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ‘ਆਪ’ ਦੇ ਕੌਮੀ ਦਫ਼ਤਰ ਦੇ ਬਾਹਰ ਅੱਜ ਭਾਜਪਾ ਆਗੂ ਤੇ ਕਾਰਕੁਨ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੀ ਅਗਵਾਈ ਹੇਠ ਇਕੱਠੇ ਹੋਏ ਤੇ ਕੇਜਰੀਵਾਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉਪਰ ਸਿਸੋਦੀਆ ਨੂੰ ਬਰਖ਼ਾਸਤ ਕਰਨ, ਸ਼ਰਾਬ ਨੀਤੀ ਤਹਿਤ ਕਰੋੜਾਂ ਰੁਪਏ ਦੇ ਕਥਿਤ ਘੋਟਾਲੇ ਕਰਨ ਦੇ ਦੋਸ਼ ਲਾਉਣ ਦੇ ਨਾਅਰੇ ਲਿਖੇ ਹੋਏ ਸਨ। ਐੱਲਜੀ ਵੀਕੇ ਸਕਸੈਨਾ ਵੱਲੋਂ ਸੀਬੀਆਈ ਜਾਂਚ ਦੀ ਕੀਤੀ ਸਿਫਾਰਿਸ਼ ਮਗਰੋਂ ਭਾਜਪਾ ਹਮਲਾਵਰ ਹੋਈ ਹੈ। ਬੀਤੇ ਦਿਨੀਂ ਉਸ ਨੇ ਉਪ ਮੁੱਖ ਮੰਤਰੀ ਦੇ ਨਿਵਾਸ ਕੋਲ ਵੀ ਪ੍ਰਦਰਸ਼ਨ ਕੀਤਾ ਸੀ। ਭਾਜਪਾ ਆਗੂਆਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਸ਼ਰਾਬ ਨੀਤੀ ਤਹਿਤ ਹਰ ਵਾਰਡ ਵਿੱਚ ਕਈ-ਕਈ ਠੇਕੇ ਖੋਲ੍ਹੇ ਜਾਣਗੇ। ਪਹਿਲਾਂ ਦਿੱਲੀ ਦੇ ਸਾਰੇ ਸ਼ਰਾਬ ਦੇ ਠੇਕੇ ਸਰਕਾਰੀ ਸਨ ਤੇ ਉੱਥੇ ਉੱਚੀ ਗੁਣਵੱਤਾ ਦੀ ਸ਼ਰਾਬ ਵਿਕਦੀ ਸੀ ਤੇ ਸਰਕਾਰੀ ਪ੍ਰਯੋਗਸ਼ਾਲਾ ਤੋਂ ਜਾਂਚੀ ਜਾਂਦੀ ਸੀ ਪਰ ਹੁਣ ਸ਼ਰਾਬ ਸਸਤੀ ਤਾਂ ਹੋਈ ਹੈ ਪਰ ਗੁਣਵੱਤਾ ਨਾਲ ਸਮਝੌਤਾ ਹੋਇਆ ਹੈ। ਦਿੱਲੀ ਵਿੱਚ ਸਾਲਾਨਾ ਕਰੋੜਾਂ ਰੁਪਏ ਦੀ ਸ਼ਰਾਬ ਵਿਕਦੀ ਹੈ ਤੇ ਐੱਨਸੀਆਰ ਦੇ ਇਲਾਕਿਆਂ ਦੇ ਲੋਕ ਵੀ ਦਿੱਲੀ ਤੋਂ ਸ਼ਰਾਬ ਖਰੀਦਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਦਿੱਲੀ ਸਰਕਾਰ ਵੱਲੋਂ ਟੂਰਿਜ਼ਮ ਮਹਿਕਮੇ ਹੇਠ ਚੱਲਦੇ ਠੇਕਿਆਂ ਦੇ ਮੁਲਾਜ਼ਮਾਂ ਦੀ ਵੀ ਛਾਂਟੀ ਦਾ ਵਿਚਾਰ ਹੈ।