ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੁਲਾਈ
ਐੱਸਯੂਸੀਆਈ (ਸੀ) ਦੀ ਦਿੱਲੀ ਕਮੇਟੀ ਨੇ ਅੱਜ ਜ਼ਰੂਰੀ ਵਸਤਾਂ ਪੈਕ ਕੀਤੇ ਦੁੱਧ, ਦਹੀਂ, ਪਨੀਰ, ਚੌਲ ਆਦਿ ਦੇ ਨਾਲ-ਨਾਲ ਅਧਿਐਨ ਸਮੱਗਰੀ ਅਤੇ ਹੋਰ ਜ਼ਰੂਰੀ ਸੇਵਾਵਾਂ ’ਤੇ ਜੀਐੱਸਟੀ ਲਗਾਏ ਜਾਣ ਦੇ ਵਿਰੋਧ ਵਿੱਚ ਜੰਤਰ-ਮੰਤਰ ’ਤੇ ਰੋਸ ਪ੍ਰਦਰਸ਼ਨ ਕੀਤਾ। ਮੁੱਖ ਬੁਲਾਰੇ ਪੋਲਿਟ ਬਿਊਰੋ ਮੈਂਬਰ, ਸੱਤਿਆਵਾਨ ਨੇ ਮਹਿੰਗਾਈ ਅਤੇ ਹੋਰ ਸਾਰੀਆਂ ਅਜਿਹੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਤਿੱਖੀ ਅਸਹਿਮਤੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਬੋਝ ਹੇਠ ਦੱਬੀ ਆਬਾਦੀ ’ਤੇ ਮਹਿੰਗਾਈ ਦਾ ਵਾਧੋ ਹੋਰ ਬੋਝ ਸੁੱਟ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੀਐੱਸਟੀ ਲਗਾਉਣਾ ਸਿਰਫ਼ ਇੱਕ ਨੀਤੀ ਨਹੀਂ ਸਗੋਂ ਇੱਕ ਅਪਰਾਧ ਹੈ, ਇਹ ਜਿਉਣ ਦੇ ਅਧਿਕਾਰ ’ਤੇ ਹਮਲਾ ਹੈ। ਸਰਕਾਰ ਗਰੀਬ ਲੋਕਾਂ ਤੋਂ ਆਖਰੀ ਰੋਟੀ ਵੀ ਖੋਹਣਾ ਚਾਹੁੰਦੀ ਹੈ। ਉਨ੍ਹਾਂ ਅੰਤ ਵਿੱਚ ਲੋਕਾਂ ਨੂੰ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਖ਼ਿਲਾਫ਼ ਇੱਕਜੁੱਟ ਹੋ ਕੇ ਸੰਘਰਸ਼ ਵਿੱਢਣ ਦੀ ਅਪੀਲ ਕੀਤੀ। ਪ੍ਰੋਗਰਾਮ ਦਾ ਸੰਚਾਲਨ ਦਿੱਲੀ ਦੇ ਸੂਬਾ ਸਕੱਤਰ ਪ੍ਰਾਣ ਸ਼ਰਮਾ ਨੇ ਕੀਤਾ।