ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਕਤੂਬਰ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਵੱਲੋਂ ਅੱਜ ਦਿੱਲੀ ਯੂਨੀਵਰਸਿਟੀ ਦੀ ਆਰਟਸ ਫੈਕਲਟੀ ਵਿੱਚ ਦਾਖਲਿਆਂ ਸਬੰਧੀ ਮੈਰਿਟ ਸੂਚੀ ਨੂੰ ਕਥਿਤ ਵਿਤਕਰੇ ਭਰੇ ਢੰਗ ਨਾਲ ਜਾਰੀ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਮੈਰਿਟ ਸੂਚੀ ਦੀ ਕਾਪੀ ਵੀ ਸਾੜੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਨੇ ਅੱਜ ਅੰਡਰ ਗ੍ਰੈਜੂਏਟ ਕੋਰਸਾਂ ਲਈ ਮੈਰਿਟ ਸੂਚੀ ਐਲਾਨੀ ਗਈ ਹੈ ਅਤੇ ਇਸ ਦੀ ਕੱਟਆਫ ਪਿਛਲੇ ਸਾਲਾਂ ਵਾਂਗ ਬਹੁਤ ਉੱਚੀ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਸਾਲ ਕੇਂਦਰੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ) ਤਹਿਤ ਮੈਰਿਟ ਸੂਚੀ ਐਲਾਨੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਇਸ ਪ੍ਰੀਖਿਆ ਪਿੱਛੇ ਤਰਕ ਇਹ ਸੀ ਕਿ ਬੋਰਡ ਦੇ ਨਤੀਜੇ ਦੇ ਉਲਟ ਇਸ ਵਿੱਚ ਸਾਰਿਆਂ ਨੂੰ ਬਰਾਬਰ ਮੌਕੇ ਮਿਲਣਗੇ ਪਰ ਇਹ ਗੱਲ ਪੂਰੀ ਤਰ੍ਹਾਂ ਗਲਤ ਸਾਬਿਤ ਹੋਈ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀਆਂ ਦੇ ਅੰਕ ਮਹਿੰਗੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਬਹੁਤ ਘੱਟ ਹਨ। ਨਤੀਜੇ ਵਜੋਂ ਇਹ ਪਿਛੜੇ ਵਿਦਿਆਰਥੀ ਦਾਖਲਿਆਂ ਵਿੱਚ ਕੁਲੀਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨਾਲੋਂ ਪਿਛੜ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸੀਯੂਈਟੀ ਟੌਪਰਾਂ ਨੇ ਬੋਰਡ ਪ੍ਰੀਖਿਆਵਾਂ ਵਿੱਚ ਵੀ 95 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਮੁਤਾਬਕ ਕਟ-ਆਫ ਜਾਂ ਮੈਰਿਟ ਸੂਚੀ ਨੂੰ ਅਕਾਦਮਿਕ ਰੰਗ-ਭੇਦ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਪਹਿਲਾਂ ਕੱਟਆਫ ਅਤੇ ਹੁਣ ਮੈਰਿਟ ਸੂਚੀ ਰਾਹੀਂ ਬਹੁਤੇ ਵਿਦਿਆਰਥੀ ਜੋ ਪਛੜੇ ਪਰਿਵਾਰਾਂ ਤੋਂ ਆਉਂਦੇ ਹਨ, ਨੂੰ ਉੱਚ ਸਿੱਖਿਆ ਤੋਂ ਬਾਹਰ ਕਰ ਦਿੱਤਾ ਗਿਆ ਹੈ।