ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਨਵੰਬਰ
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਈ-ਕਾਮਰਸ ਕਾਰੋਬਾਰ ਖ਼ਿਲਾਫ਼ ਦੇਸ਼ ਦੇ 500 ਤੋਂ ਵੱਧ ਜ਼ਿਲ੍ਹਿਆਂ ਦੇ 1200 ਤੋਂ ਵੱਧ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ। ‘ਕੈਟ’ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਦੇਸ਼ ਵਿੱਚ ਅਮਰੀਕੀ ਕੰਪਨੀ ਐਮਾਜ਼ੋਨ ਨੇ ਆਪਣੇ ਪੋਰਟਲ ਰਾਹੀਂ ਗੈਰਕਾਨੂੰਨੀ ਢੰਗ ਨਾਲ ਭੰਗ ਤੇ ਬੰਬ ਬਣਾਉਣ ਲਈ ਵਰਤੇ ਜਾਣ ਵਾਲੇ ਪਾਬੰਦੀਸ਼ੁਦਾ ਰਸਾਇਣਾਂ ਦੀ ਵਿਕਰੀ ਦੀ ਸਹੂਲਤ ਦਿੱਤੀ ਹੈ। ਵਪਾਰੀਆਂ ਨੇ ਕਿਹਾ ਕਿ ਈ-ਕਾਮਰਸ ਕਾਰੋਬਾਰ ਵਿੱਚ ਕਾਨੂੰਨਾਂ ਤੇ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੈਟ ਨੇ ਐਮਾਜ਼ੋਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਵਿੱਚ ਤੁਰੰਤ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਦੇਸ਼ ਦੇ ਵਪਾਰੀ ਭਾਰਤ ’ਚ ਆਪਣਾ ਵਪਾਰ ਬੰਦ ਕਰਕੇ ਆਵਾਜ਼ ਬੁਲੰਦ ਕਰਨਗੇ। ‘ਕੈਟ’ ਨੇ ਮੰਗ ਕੀਤੀ ਹੈ ਕਿ ਐਮਾਜ਼ੋਨ ਤੇ ਹੋਰ ਈ-ਕਾਮਰਸ ਕੰਪਨੀਆਂ ਦੇ ਕਾਰੋਬਾਰੀ ਮਾਡਲ ਦੀ ਸਮਾਂਬੱਧ ਤਰੀਕੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।