ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਮਈ
ਦਿੱਲੀ ਵਿਕਾਸ ਅਥਾਰਟੀ (ਡੀਡੀਏ) ਵੱਲੋਂ ਅੱਜ ਖਿਚੜੀਪੁਰ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਦਿੱਲੀ ਪੁਲੀਸ ਨੇ ਇਨ੍ਹਾਂ ਉਸਾਰੀਆਂ ਨੂੰ ਢਾਹੇ ਜਾਣ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ। ਕੁਲਦੀਪ ਕੁਮਾਰ ਕੌਂਡਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਜਦੋਂ ਉਹ ਕਲਿਆਣਪੁਰੀ ਇਲਾਕੇ ਵਿੱਚ ਡੀਡੀਏ ਵੱਲੋਂ ਨਵੇਂ ਬਣ ਰਹੇ ਫਲੈਟ ਨੂੰ ਤੋੜਨ ਦਾ ਵਿਰੋਧ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਿਧਾਇਕਾਂ ਦੀ ਬੈਠਕ ਵਿੱਚ ਉਨ੍ਹਾਂ ਨੂੰ ਤੋੜ-ਤੋੜ ਦੀ ਕਾਰਵਾਈ ਦਾ ਵਿਰੋਧ ਕਰਨ ’ਤੇ ਜੇਲ੍ਹ ਜਾਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਸੀ। ਡੀਡੀਏ ਨੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਤਹਿਤ ਅੱਜ ਜਦੋਂ ਖਿੱਚੜੀਪੁਰ ਵਿੱਚ ਤੋੜ-ਫੋੜ ਸ਼ੁਰੂ ਕੀਤੀ ਤਾਂ ਇਸ ਦੀ ਭਿਣਕ ਪੈਣ ’ਤੇ ਵਿਧਾਇਕ ਕੁਲਦੀਪ ਕੁਮਾਰ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ।ਪੁਲੀਸ ਨੇ ਦੱਸਿਆ ਕਿ ਵਿਧਾਇਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕੁੱਝ ਦਿਨ ਚੁੱਪ ਰਹਿਣ ਮਗਰੋਂ ਭਾਰੀ ਪੁਲੀਸ ਬਲਾਂ ਦੀ ਮੌਜੂਦਗੀ ਵਿੱਚ ਭੰਨ-ਤੋੜ ਦੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਡੀਡੀਏ ਨੇ ਕਈ ਢਾਂਚੇ ਤੇ ਇਮਾਰਤਾਂ ’ਤੇ ਜੇਸੀਬੀ ਦਾ ਪੰਜਾ ਚਲਾਇਆ। ਦਿੱਲੀ ਨਗਰ ਨਿਗਮ ਵੱਲੋਂ ਇਸ ਤੋਂ ਪਹਿਲਾਂ ਸ਼ਾਹੀਨ ਬਾਗ਼, ਜਹਾਂਗੀਰਪੁਰੀ, ਮਦਨਪੁਰ ਖਾਦਰ, ਨਿਊ ਫਰੈਂਡਜ਼ ਕਲੋਨੀ, ਮੰਗੋਲਪੁਰੀ, ਰੋਹਿਣੀ, ਗੋਕਲਪੁਰੀ, ਲੋਧੀ ਕਲੋਨੀ, ਰਿਠਾਲਾ, ਜਨਕਪੁਰੀ, ਹਰੀ ਨਗਰ ਤੇ ਖ਼ਿਆਲਾ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਡੀਡੀਏ ਨੇ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਅਸੀਂ ਆਪ ਦੇ ਵਿਧਾਇਕ ਕੁਲਦੀਪ ਕੁਮਾਰ ਨੂੰ ਭੰਨ-ਤੋੜ ਮੁਹਿੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਹੈ।’’ ਉਨ੍ਹਾਂ ਕਿਹਾ, ‘‘ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਰੱਖਿਆ ਵਿਵਸਥਾ ਮਜ਼ਬੂਤ ਕੀਤੀ ਗਈ ਹੈ। ਮੁਹਿੰਮ ਦੌਰਾਨ ਕਾਨੂੰਨੀ ਵਿਵਸਥਾ ਬਣਾਈ ਰੱਖਣਾ ਯਕੀਨੀ ਬਣਾਉਣਾ ਸਾਡੀ ਫ਼ਰਜ਼ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।’’
ਦਿੱਲੀ ਸਰਕਾਰ ਨੇ ਦਿੱਲੀ ਨਗਰ ਨਿਗਮਾਂ ਤੋਂ ਤੋੜ-ਫੋੜ ਦੀ ਰਿਪੋਰਟ ਮੰਗੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ਵਿੱਚ ਦਿੱਲੀ ਨਗਰ ਨਿਗਮ ਦੇ ਉੱਤਰੀ, ਪੂਰਬੀ ਤੇ ਦੱਖਣੀ ਤਿੰਨਾਂ ਜ਼ੋਨਾਂ ਵੱਲੋਂ ਪਹਿਲੀ ਅਪਰੈਲ ਤੋਂ ਹੁਣ ਤੱਕ ਨਾਜਾਇਜ਼ ਉਸਾਰੀਆਂ ਢਾਹੁਣ ਦੀ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗ ਲਈ ਹੈ। ਦਿੱਲੀ ਸਰਕਾਰ ਵੱਲੋਂ ਲਿਖੇ ਗਏ ਪੱਤਰ ਵਿੱਚ ਦਿੱਲੀ ਨਗਰ ਨਿਗਮਾਂ ਤੋਂ ਬੁਲਡੋਜ਼ਰਾਂ ਨਾਲ ਕੀਤੀ ਗਈ ਤੋੜ-ਫੋੜ ਦੀ ਕਾਰਵਾਈ ਦੀ ਰਿਪੋਰਟ ਮੰਗੀ ਗਈ ਹੈ। ਦਿੱਲੀ ਸਰਕਾਰ ਵੱਲੋਂ ਪਹਿਲੀ ਅਪਰੈਲ ਤੋਂ ਵੱਖ-ਵੱਖ ਦਿਨਾਂ ਦੌਰਾਨ ਕੌਮੀ ਰਾਜਧਾਨੀ ਦੇ ਉੱਤਰੀ, ਦੱਖਣੀ ਤੇ ਪੂਰਬੀ ਦਿੱਲੀ ਦੇ ਇਲਾਕਿਆਂ ਵਿੱਚ ਪੜਾਅਵਾਰ ਚਲਾਏ ਬੁਲਡੋਜ਼ਰਾਂ ਨਾਲ ਢਾਹੀਆਂ ਗਈਆਂ ਉਸਾਰੀਆਂ ਤੇ ਹਟਾਏ ਗਏ ਕਬਜ਼ਿਆਂ ਦੇ ਪੂਰੇ ਵੇਰਵੇ ਮੰਗੇ ਗਏ ਹਨ। ਸੂਤਰਾਂ ਮੁਤਾਬਕ, ਜੇਕਰ ਦਿੱਲੀ ਨਗਰ ਨਿਗਮ ਵੱਲੋਂ ਉਕਤ ਰਿਪੋਰਟ ਦਿੱਲੀ ਸਰਕਾਰ ਨੂੰ ਦਿੱਤੀ ਜਾਂਦੀ ਹੈ ਤਾਂ ਸਰਕਾਰ ਇਸ ਗੱਲ ਵੱਲ ਗੌਰ ਕਰੇਗੀ ਕਿ ਕਿੱਥੇ-ਕਿੱਥੇ ਤੋੜ-ਫੋੜ ਨਾਜਾਇਜ਼ ਉਸਾਰੀਆਂ ਦੇ ਨਾਂ ਉਪਰ ਕੀਤੀ ਗਈ ਤੇ ਕਿੱਥੇ ਨਾਜਾਇਜ਼ ਉਸਾਰੀਆਂ ਹੋਣ ਦੇ ਬਾਵਜੂਦ ਉਹ ਛੇੜੀਆਂ ਤੱਕ ਨਹੀਂ ਗਈਆਂ। ਬੀਤੇ ਦਿਨਾਂ ਤੋਂ ‘ਆਪ’ ਦੇ ਭਾਜਪਾ ਦਰਮਿਆਨ ਨਿਗਮਾਂ ਦੀ ਭੰਨ-ਤੋੜ ਦੀ ਕਾਰਵਾਈ ਨੂੰ ਲੈ ਕੇ ਦੋਸ਼ਾਂ ਦਾ ਦੌਰ ਵੀ ਜਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਜਪਾ ਉਪਰ ਨਜਾਇਜ਼ ਕਬਜ਼ੇ ਹਟਾਉਣ ਦੌਰਾਨ ਦਿੱਲੀ ਨੂੰ ਤਬਾਹ ਕਰਨ ਦਾ ਦੋਸ਼ ਲਾ ਚੁੱਕੇ ਹਨ। ਨਗਰ ਨਿਗਮਾਂ ਦੀ ਸੱਤਾ ਚਲਾ ਰਹੀ ਭਾਜਪਾ ਵੱਲੋਂ ਇਸ ਤੋੜ-ਫੋੜ ਨੂੰ ਰੋਹਿੰਗੀਆ ਖ਼ਿਲਾਫ਼ ਕਾਰਵਾਈ ਕਰਾਰ ਦੇ ਕੇ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਜਾਰੀ ਹੈ।