ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜੂਨ
ਏਕੀਕ੍ਰਿਤ ਦਿੱਲੀ ਨਗਰ ਨਿਗਮ ਵੱਲੋਂ ਅੱਜ ਗ਼ੈਰ-ਕਾਨੂੰਨੀ ਕਬਜ਼ਿਆਂ ਖ਼ਿਲਾਫ਼ ਆਪਣੀ ਚੱਲ ਰਹੀ ਭੰਨ-ਤੋੜ ਦੀ ਕਾਰਵਾਈ ਦਾ ਮੁਹਾਣ ਮੱਧ ਦਿੱਲੀ ਦੇ ਆਈਟੀਓ ਇਲਾਕੇ ਵੱਲ ਮੋੜਿਆ ਤੇ ਕਰੀਬ 50 ਅਜਿਹੀਆਂ ਉਸਾਰੀਆਂ ਉਪਰ ਪੀਲਾ ਪੰਜਾ ਚਲਾਇਆ ਜਿਨ੍ਹਾਂ ਨੂੰ ਨਾਜਾਇਜ਼ ਦੱਸਿਆ ਗਿਆ ਹੈ। ਆਈਟੀਓ ਵਿੱਚ ਕਬਰਸਥਾਨ ਦੇ ਪਿਛਲੇ ਪਾਸੇ ਤੇ ਇੱਕ ਅੰਗਰੇਜ਼ੀ ਅਖ਼ਬਾਰ ਦੇ ਦਫ਼ਤਰ ਦੀ ਇਮਾਰਤ ਦੇ ਪਿਛਲੇ ਹਿੱਸੇ ਦੀ ਗਲੀ ਵਿੱਚ ਬਣਾਈਆਂ ਦੁਕਾਨਾਂ ਨਿਗਮ ਦੇ ਤੋੜ-ਫੋੜ ਵਿਭਾਗ ਵੱਲੋਂ ਮਲੀਆਮੇਟ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਮੁਤਾਬਕ ਦਿੱਲੀ ਹਾਈ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਇਹ ਕਾਰਵਾਈ ਅੰਜ਼ਾਮ ਦਿੱਤੀ ਗਈ ਤੇ ਦੁਕਾਨਦਾਰਾਂ ਨੂੰ ਮਾਲਕੀ ਦੇ ਦਸਤਾਵੇਜ਼ ਨਿਗਮ ਅੱਗੇ ਪੇਸ਼ ਕਰਨ ਲਈ ਢੁੱਕਵਾਂ ਸਮਾਂ ਵੀ ਦਿੱਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਵੀਰਵਾਰ ਨੂੰ ਵੀ ਤੋੜ-ਫੋੜ ਜਾਰੀ ਰੱਖੀ ਜਾਵੇਗੀ। ਨਿਗਮ ਦਸਤੇ ਨਾਲ ਵੱਡੀ ਗਿਣਤੀ ਵਿੱਚ ਦਿੱਲੀ ਪੁਲੀਸ ਦੇ ਜਵਾਨ ਵੀ ਮੌਜੂਦ ਰਹੇ ਤਾਂ ਜੋ ਕਿਸੇ ਕਿਸਮ ਦੇ ਵਿਰੋਧ ਦਾ ਟਾਕਰਾ ਕੀਤਾ ਜਾ ਸਕੇ। ਪੁਲੀਸ ਨੇ ਆਮਦਨ ਕਰ ਵਿਭਾਗ ਦੇ ਦਫ਼ਤਰ ਦੇ ਪਿੱਛੋਂ ਜਾਂਦੀ ਸੜਕ ਨੂੰ ਦੋਨੋਂ ਪਾਸਿਉਂ ਕਾਰਵਾਈ ਦੌਰਾਨ ਘੇਰੀ ਰੱਖਿਆ। ਹਾਲਾਂ ਕਿ ਜਿਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਟੁੱਟ ਰਹੀਆਂ ਸਨ, ਉਹ ਨਿਰਾਸ਼ ਨਜ਼ਰ ਆ ਰਹੇ ਸਨ। ਇਸ ਤੋਂ ਪਹਿਲਾਂ ਦਿੱਲੀ ਨਗਰ ਨਿਗਮ ਦੇ ਤਿੰਨਾਂ ਜ਼ੋਨਾਂ ਵੱਲੋਂ ਸਿਲਸਿਲੇ ਵਾਰ ਜਹਾਂਗੀਰਪੁਰੀ, ਸ਼ਾਹੀਨ ਬਾਗ਼, ਮਦਨਪੁਰ ਖਾਦਰ, ਲੋਧੀ ਕਲੋਨੀ, ਤਿਲਕ ਨਗਰ ਤੇ ਬਦਰਪੁਰ ਇਲਾਕਿਆਂ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ ਸਨ ਜਿਸ ਦੌਰਾਨ ਨਿਗਮ ਉਪਰ ਇੱਕ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਵੀ ਵਿਰੋਧੀ ਧਿਰਾਂ ਨੇ ਲਾਏ ਸਨ। ਜੋ ਦੁਕਾਨਾਂ ਤੋੜੀਆਂ ਗਈਆਂ ਉੱਥੇ ਫੋਟੋਸਟੇਟ ਵਾਲੇ, ਆਟੋ ਮੈਕੇਨਿਕ, ਟਰੈਵਲ ਏਜੰਟ, ਆਮਦਨ ਕਰ ਵਾਲੇ ਵਕੀਲਾਂ ਦੇ ਖੋਖੇ ਤੇ ਹੋਰ ਸਾਮਾਨ ਦੀਆਂ ਦੁਕਾਨਾਂ ਸ਼ਾਮਲ ਸਨ।
ਮੋਦੀ ਸਰਕਾਰ ਦਿੱਲੀ ’ਚ ਢਾਹੇਗੀ 53 ਮੰਦਰ : ਸੰਜੈ ਸਿੰਘ
ਨਵੀਂ ਦਿੱਲੀ (ਪੱਤਰ ਪ੍ਰੇਰਕ): ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਅੱਜ ਭਾਜਪਾ ਵੱਲੋਂ ਦਿੱਲੀ ’ਚ 53 ਮੰਦਰਾਂ ਨੂੰ ਢਾਹੁਣ ਦੀ ਬਣਾਈ ਜਾ ਰਹੀ ਯੋਜਨਾ ਦਾ ਖੁਲਾਸਾ ਕੀਤਾ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਭਾਜਪਾ ਦਾ ਅਸਲੀ ਚਿਹਰਾ ਦੇਸ਼ ਦੇ ਸਾਹਮਣੇ ਆ ਗਿਆ ਹੈ। ਮੋਦੀ ਸਰਕਾਰ ਨੇ ਦਿੱਲੀ ਸਰਕਾਰ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਸਾਨੂੰ 53 ਮੰਦਰਾਂ ਨੂੰ ਢਾਹੁਣ ਲਈ ਧਾਰਮਿਕ ਕਮੇਟੀ ਦੀ ਇਜਾਜ਼ਤ ਦੀ ਲੋੜ ਹੈ। ‘ਆਪ’ ਮੰਗ ਕਰਦੀ ਹੈ ਕਿ ਭਾਜਪਾ ਇਸ ਮਾਮਲੇ ’ਚ ਦਿੱਲੀ ਦੇ ਲੋਕਾਂ ਨੂੰ ਜਵਾਬ ਦੇਵੇ। ਦਿੱਲੀ ’ਚ ਮੰਦਰਾਂ ਨੂੰ ਢਾਹੁਣ ਦੀ ਸਾਜ਼ਿਸ਼ ਭਾਜਪਾ ਦਾ ਅਸਲੀ ਚਿਹਰਾ ਨੰਗਾ ਕਰਦੀ ਹੈ ਕਿ ਇਹ ਲੋਕ ਹਿੰਦੂ ਧਰਮ ਦੇ ਕਿੰਨੇ ਵੱਡੇ ਵਿਰੋਧੀ ਹਨ। ਸੰਜੇ ਸਿੰਘ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਮੰਦਰਾਂ ਬਾਰੇ ਦੱਸਿਆ ਕਿ ਤਿਆਗਰਾਜ ਨਗਰ ‘ਚ ਸ੍ਰੀ ਕਾਲੀ ਮੰਦਿਰ, ਸ੍ਰੀ ਹਨੂੰਮਾਨ ਮੰਦਰ, ਸ੍ਰੀ ਕ੍ਰਿਸ਼ਨ ਅਧਿਆਤਮਿਕ ਕੁਟੀਰ ਮੰਦਰ, ਸ੍ਰੀ ਰਾਮ ਪ੍ਰਾਚੀਨ ਮੰਦਰ, ਗੁਰੂਗਾਓਂ ਵਾਲੀ ਮਾਤਾ ਮੰਦਰ, ਕਸਤੂਰਬਾ ਨਗਰ ਸਥਿਤ ਹਨੂੰਮਾਨ ਮੰਦਰ, ਪ੍ਰਾਚੀਨ ਪੀਪਲ ਮਹਾਦੇਵ ਮੰਦਰ, ਰੇਲਵੇ ਫੁੱਟ ਓਵਰ ਬ੍ਰਿਜ ਨੇੜੇ ਮਾਤਾ ਮੰਦਰ, ਪ੍ਰਾਚੀਨ ਸਾਈਂ ਧਾਮ ਮੰਦਰ, ਸ਼ਿਵ ਮੰਦਰ, ਪ੍ਰਾਚੀਨ ਕਾਲੀ ਮਾਤਾ ਮੰਦਰ, ਦੁਰਗਾ ਮਾਤਾ ਮੰਦਰ, ਪ੍ਰਾਚੀਨ ਸ਼ਿਵ ਮੰਦਰ, ਪ੍ਰਾਚੀਨ ਸ਼ੀਤਲਾ ਮਾਤਾ ਮੰਦਰ, ਬਲਾਕ ਐਮ ’ਚ ਸ਼ਿਵ ਮੰਦਰ, ਬਲਾਕ ਏ ’ਚ ਹਨੂੰਮਾਨ ਮੰਦਰ, ਬਲਾਕ ਬੀ ’ਚ ਸ਼ਿਵ ਮੰਦਰ, ਸ਼ਿਵ ਬਾਲ ਮੰਦਰ, ਬਲਾਕ ਐਚ ਕੇ ਸਾਈਂ ਮੰਦਰ, ਹਨੂੰਮਾਨ ਮੰਦਰ ਨੇੜੇ ਸੇਵਾ ਨਗਰ ਚੌਕ, ਪ੍ਰਾਚੀਨ ਮਹਾਕਾਲੀ ਮੰਦਰ, ਬਾਲਾਜੀ ਮੰਦਰ, ਪ੍ਰਾਚੀਨ ਸਨਾਤਨ ਧਰਮ ਮੰਦਰ, ਸ਼੍ਰੀ ਸ਼ਿਵ ਹਨੂਮਾਨ ਮੰਦਰ, ਸ਼੍ਰੀਨਿਵਾਸਪੁਰੀ ਵਿੱਚ ਸ਼ਿਦੇਸ਼ਵਰ ਹਨੂੰਮਾਨ ਮੰਦਰ, ਮਦੇਸ਼ਵਰ ਮੰਦਰ , ਸ਼ਨੀ ਮੰਦਰ , ਸਾਈਂ ਧਾਮ ਮੰਦਰ , ਨੀਲ ਕੰਠ ਮਹਾਦੇਵ ਮੰਦਰ , ਸ਼ਕਤੀ ਹਨੂੰਮਾਨ ਮੰਦਰ , ਵਿਸ਼ਵ ਵਿਆਪੀ ਰਾਮ ਨਾਮ ਜੈ ਯੋਗੀ ਸ਼ਿਵ ਮੰਦਰ ਮੁਹੰਮਦਪੁਰ , ਨੌਰੋਜੀ ਨਗਰ ’ਚ ਆਰੀਆ ਸਮਾਜ ਮੰਦਰ , ਸਨਾਤਨ ਧਰਮ ਮੰਦਰ , ਗੁਰਦੁਆਰਾ ਨੌਰੋਜੀ ਨਗਰ , ਸਰੋਜੀ ’ਚ ਪ੍ਰਾਚੀਨ ਨਗਰ ਸ਼ਿਵ ਮੰਦਰ ਮੰਦਰ, ਪ੍ਰਾਚੀਨ ਹਨੂੰਮਾਨ ਮੰਦਰ, ਸਾਈਂ ਮੰਦਰ ਬਾਬੂ ਮਾਰਕੀਟ, ਪਾਲਿਕਾ ਆਵਾਸ ਮੰਦਰ, ਪ੍ਰਾਚੀਨ ਸਿੱਧ ਸ਼ਕਤੀ ਪੀਠ ਮੰਦਰ, ਸ਼ਨੀ ਮੰਦਰ ਨੂੰ ਢਾਹੁਣ ਦੀ ਯੋਜਨਾ ਹੈ।
‘ਆਪ’ ਵੱਲੋਂ ਡੀਡੀਏ ’ਤੇ ਮਹਿਰੌਲੀ ‘ਚ 17 ਪਰਿਵਾਰਾਂ ਦੇ ਮਕਾਨ ਤੋੜਨ ਦਾ ਦੋਸ਼
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਵਿਕਾਸ ਅਥਾਰਟੀ (ਡੀਡੀਏ) ਵੱਲੋਂ ਮਹਿਰੌਲੀ ਵਿੱਚ ਕੀਤੀ ਗਈ ਤੋੜ-ਫੋੜ ਦੌਰਾਨ 17 ਪਰਿਵਾਰਾਂ ਦੇ ਮਕਾਨ ਤੋੜ ਦਿੱਤੇ ਗਏ ਜੋ ਡੀਡੀਏ ਮੁਤਾਬਕ ਗ਼ੈਰ-ਕਾਨੂੰਨੀ ਤਰੀਕੇ ਨਾਲ ਉਸ ਦੀ ਜ਼ਮੀਨ ਉਪਰ ਉਸਾਰੇ ਹੋਏ ਸਨ। ਇਹ ਪਰਿਵਾਰ ਕਰੀਬ 40 ਸਾਲਾਂ ਤੋਂ ਇੱਥੇ ਵਸੇ ਹੋਏ ਸਨ ਤੇ ਜ਼ਿਆਦਾਰ ਦਲਿਤ ਪਰਿਵਾਰ ਸਨ। ਮਹਿਰੌਲੀ ਵਿਧਾਨ ਸਭਾ ਦੇ ਵਾਰਡ 1 ਦੇ 6/4 ਵਿੱਚ ਇਹ ਪਰਿਵਾਰ ਰਹਿੰਦੇ ਸਨ। ‘ਆਪ’ ਦੇ ਵਿਧਾਇਕ ਵਿਸ਼ੇਸ਼ ਰਵੀ ਨੇ ਦੋਸ਼ ਲਾਇਆ ਕਿ ਭਾਜਪਾ ਦੀ ਕੇਂਦਰ ਸਰਕਾਰ ਅਧੀਨ ਡੀਡੀਏ ਨੇ ਐੱਸਸੀ, ਐੱਸਟੀ ਵਰਗ ਦੇ ਇਨ੍ਹਾਂ ਪਰਿਵਾਰਾਂ ਦਾ ਉਜਾੜਾ ਕਰ ਦਿੱਤਾ ਤੇ ਬਿਨਾਂ ਨੋਟਿਸ ਦਿੱਤੇ ਇਹ ਕਾਰਵਾਈ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਮੁੜ ਵਸੇਬੇ ਤਹਿਤ ਪਰਿਵਾਰਾਂ ਨੂੰ ਹੋਰ ਥਾਂ ਬਦਲੇ ਵਿੱਚ ਦਿੱਤੀ ਜਾਂਦੀ ਹੈ ਪਰ ਇਸ ਮਾਮਲੇ ਵਿੱਚ ਨਿਯਮਾਂ ਦਾ ਉਲੰਘਣ ਕੀਤਾ ਗਿਆ ਹੈ। ਉਨ੍ਹਾਂ ਪੱਤਰ ਲਿਖ ਕੇ ਡੀਡੀਏ, ਦਿੱਲੀ ਪੁਲੀਸ ਕਮਿਸ਼ਨਰ ਤੇ ਹੋਰ ਸਬੰਧਤ ਏਜੰਸੀਆਂ ਤੋਂ ਜਵਾਬ ਮੰਗਿਆ ਹੈ। ਮਕਾਨਾਂ ਵਿੱਚ ਰਹਿੰਦੇ ਲੋਕਾਂ ਕੋਲ ਆਧਾਰ ਕਾਰਡ, ਬਿਜਲੀ ਦੇ ਬਿੱਲ ਵੀ ਸਨ ਪਰ ਡੀਡੀਏ ਦੇ ਅਧਿਕਾਰੀਆਂ ਨੇ ਕਿਸੇ ਦੀ ਨਹੀਂ ਸੁਣੀ।