ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਗਸਤ
ਆਰਐੱਸਐੱਸ ਨਾਲ ਸਬੰਧਤ ਨੈਸ਼ਨਲ ਡੈਮੋਕਰੇਟਿਕ ਟੀਚਰਜ਼ ਫਰੰਟ (ਐੱਨਡੀਟੀਐਫ) ਨੇ ਦਿੱਲੀ ਯੂਨੀਵਰਸਿਟੀ (ਡੀਯੂ) ਦੀ ਅਕਾਦਮਿਕ ਕੌਂਸਲ ਦੀ ਮੀਟਿੰਗ ਦੌਰਾਨ ਦਿੱਲੀ ਸਰਕਾਰ ਦੇ ਫੰਡ ਪ੍ਰਾਪਤ ਕਾਲਜਾਂ ਦੀ ਗਵਰਨਿੰਗ ਬਾਡੀ ਵਿੱਚ ਬੇਨਿਯਮੀਆਂ ਦਾ ਮੁੱਦਾ ਉਠਾਇਆ, ਯੂਨੀਵਰਸਿਟੀ ਨੂੰ ਇਨ੍ਹਾਂ ਕਾਲਜਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਅਪੀਲ ਕੀਤੀ। ਅਕਾਦਮਿਕ ਕੌਂਸਲ ਦੀ ਮੀਟਿੰਗ 3 ਅਗਸਤ ਨੂੰ ਹੋਈ ਸੀ। ਐੱਨਡੀਟੀਐੱਫ ਮੈਂਬਰਾਂ ਨੇ ਦਿੱਲੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ ਦੌਰਾਨ ਅਧਿਆਪਕਾਂ ਦੀ ਨਿਯੁਕਤੀ ਪ੍ਰਕਿਰਿਆ ਵਿੱਚ ਹੋ ਰਹੀ ਦੇਰੀ ਬਾਰੇ ਚਿੰਤਾ ਪ੍ਰਗਟਾਈ। ਐੱਨਡੀਟੀਐੱਫ ਨੇ ਦਿੱਲੀ ਸਰਕਾਰ ਦੁਆਰਾ ਫੰਡ ਪ੍ਰਾਪਤ ਕਾਲਜਾਂ ਦੀ ਗਵਰਨਿੰਗ ਬਾਡੀ ਦੇ ਸਬੰਧ ਵਿੱਚ ਅਕਾਦਮਿਕ ਕੌਂਸਲ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਉਣ ਤੇ 28 ਕਾਲਜਾਂ ਨੂੰ ਯੂਨੀਵਰਸਿਟੀ ਜਾਂ ਯੂਜੀਸੀ -ਅਧੀਨ ਲੈਣ ਦੀ ਮੰਗ ਕੀਤੀ।