ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੁਲਾਈ
ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਕੇਂਦਰ ਸਰਕਾਰ ਸਮੇਤ ਰਾਜ ਸਰਕਾਰਾਂ ਦਵਾਈਆਂ ਦੇ ਥੋਕ ਅਤੇ ਖੁਦਰਾ ਮੁੱਲ ਦੇ ਵੱਡੇ ਪਾੜੇ ਨੂੰ ਘਟਾਉਣ ਲਈ ਕਦਮ ਚੁੱਕੇ ਅਤੇ ਐਥੀਕਲ ਤੇ ਜੈਨਰਿਕ ਦਵਾਈਆਂ ਲਈ ਵੱਖਰੇ ਮਾਪਦੰਡ ਲਾਗੂ ਕੀਤੇ ਜਾਣ।
ਸ੍ਰੀ ਪੰਮਾ ਵੱਲੋਂ ਲੁਧਿਆਣਾ ਵਿੱਚ ਗੁਰੂ ਨਾਨਕ ਮੋਦੀਖਾਨਾ ਕਾਇਮ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਨੂੰ ਵਧੀਆ ਉਪਰਾਲਾ ਕਰਾਰ ਦਿੰਦਿਆਂ ਕਿਹਾ ਦਵਾਈਆਂ ਦੀ ਕਾਲਾਬਾਜ਼ਾਰੀ ਦਾ ਵਿਰੋਧ ਪੂਰੇ ਦੇਸ਼ ਵਿੱਚ ਹੋ ਰਿਹਾ ਹੈ। ਉਨ੍ਹਾਂ ਅਜਿਹੇ ਮੁਫ਼ਤਖੋਰੇ ਵਪਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰੰਗ ਕੀਤੀ। ਉਨ੍ਹਾਂ ਕਿਹਾ ਕਿ ਕਈ ਵਾਰ ਕੈਮਿਸਟ ਕੋਲ ਦਵਾਈ ਲੈਣ ਜਾਓ ਤਾਂ ਉਹ ਪਰਚੀ ਦੇਖ ਕੇ ਦਵਾਈ ਦੇਣ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਹੋਰ ਕੰਪਨੀ ਦੀ ਦਵਾਈ ਖ਼ਰੀਦਣ ਲਈ ਮਜਬੂਰ ਕਰਦਾ ਹੈ, ਜਿਸ ਵਿੱਚ ਉਸ ਦਾ ਮੁਨਾਫ਼ਾ ਵੱਧ ਹੋਵੇ। ਖ਼ਰੀਦਾਦਾਰ ਨੂੰ ਇਸ ਦਾ ਪਤਾ ਨਹੀਂ ਹੁੰਦਾ, ਜਿਸ ਕਾਰਨ ਉਸ ਨੂੰ ਮਹਿੰਗੀ ਦਵਾਈ ਲੈਣੀ ਪੈਂਦੀ ਹੈ। ਕਈ ਵਾਰ ਵਿਕਰੇਤਾ 10-15 ਫ਼ੀਸਦੀ ਰਿਆਇਤ ਦੇ ਕੇ ਅਹਿਸਾਨ ਵੀ ਪ੍ਰਗਟਾਉਂਦੇ ਹਨ। ਉਨ੍ਹਾਂ ਕਿਹਾ ਕਿ 14 ਰੁਪਏ ਦੀ ਦਵਾਈ ਦੀ ਕੀਮਤ 111 ਰੁਪਏ ਲਿਖੀ ਹੋਈ ਹੁੰਦੀ ਹੈ ਤੇ ਥੋਕ ਤੇ ਪ੍ਰਚੂਨ ਕੀਮਤਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। 12 ਰੁਪਏ ਦੇ ਟੀਕੇ ਦੀ ਕੀਮਤ 400 ਰੁਪਏ ਹੁੰਦੀ ਹੈ।