ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ
ਆਜ਼ਾਦੀ ਦੀ ਲਹਿਰ ਦੇ ਇਤਿਹਾਸਕ ਗਵਾਹ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਕਿਲ੍ਹੇ ਵਿੱਚ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਬੁੱਤ ਸਥਾਪਤ ਕਰਨ ਤੇ ਇੱਥੇ ਆਜ਼ਾਦੀ ਦੀ ਲਹਿਰ ਨਾਲ ਸਬੰਧਤ ਮਿਊਜ਼ੀਅਮ ਬਣਾਉਣ ਦੀ ਮੰਗ ਸਰਵ ਭਾਰਤ ਨੌਜਵਾਨ ਸਭਾ ਦੇ ਪ੍ਰਧਾਨ ਸੁਖਜਿੰਦਰ ਮਹੇਸਰੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਿਆਸਤਦਾਨ ਭਗਤ ਸਿੰਘ ਦੇ ਨਾਂ ਦੀ ਵਰਤੋਂ ਕਰਕੇ ਸੱਤਾ ਦਾ ਸੁੱਖ ਤਾਂ ਮਾਣਨਾ ਚਾਹੁੰਦੇ ਹਨ, ਪਰ ਉਨ੍ਹਾਂ ਨਾਲ ਸਬੰਧਤ ਯਾਦਗਾਰਾਂ ਨੂੰ ਅਣਗੌਲਿਆ ਕਰਨ ਦੀ ਕੋਝੀ ਸਿਆਸਤ ਕਰਦੇ ਹਨ। ਇਤਿਹਾਸਕ ਫਿਰੋਜ਼ਸ਼ਾਹ ਕੋਟਲਾ ਦਾ ਕਿਲ੍ਹਾ ਜਿੱਥੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੇਸ਼ ਆਜ਼ਾਦ ਕਰਵਾਉਣ ਲਈ ਵਿਸ਼ੇਸ਼ ਗੁਪਤ ਮੀਟਿੰਗ ਸਤੰਬਰ 1928 ਨੂੰ ਕੀਤੀ ਸੀ, ਅੱਜ ਵੀ ਦੇਸ਼ਭਗਤਾਂ ਦੇ ਨਾਮੋ ਨਿਸ਼ਾਨ ਤੋਂ ਵਾਂਝਾ ਹੈ। ਵੱਡੇ ਰਕਬੇ ਵਿੱਚ ਫੈਲੇ ਕਿਲ੍ਹੇ ਅੰਦਰ ਰੋਜ਼ਾਨਾ ਆਉਂਦੇ ਹਜਾਰਾਂ ਸੈਲਾਨੀਆਂ ਨੂੰ ਕਿਤੇ ਵੀ ਆਜ਼ਾਦੀ ਦੇ ਇਤਿਹਾਸ ਨਾਲ ਜੁੜੇ ਇਸ ਕਿਲ੍ਹੇ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆਉਂਦਾ।
ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਭਗਤ ਸਿੰਘ ਨਾਲ ਜੁੜੇ ਇਸ ਇਤਿਹਾਸਕ ਸਥਾਨ ਨੂੰ ਨਜ਼ਰਅੰਦਾਜ਼ ਕਰਕੇ, ਵਰਤਮਾਨ ਸਿਆਸਤਦਾਨ ਬ੍ਰਿਟਿਸ਼ ਸ਼ਾਸ਼ਨ ਪ੍ਰਤੀ ਆਪਣੀ ‘ਲੁਕਵੀਂ’ ਵਫ਼ਾਦਾਰੀ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਪੂਰੇ ਦੇਸ਼ ਵਿੱਚ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲਿਆਂ ਲੋਕਾਂ ਅਤੇ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਇਤਿਹਾਸਕ ਸਥਾਨ ਲਈ ਆਪਣੀ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਇੱਥੇ ਆਉਣ ਵਾਲੇ ਸੈਲਾਨੀ ਵੀ ਕਈ ਵਾਰ ਇਸ ਗੱਲੋਂ ਨਾਤਰਾਜ਼ ਹੁੰਦੇ ਹਨ।