ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੂਨ
ਦੇਸ਼ ਦੀ ਪਹਿਲੀ ਮਹਿਲਾ ਆਈਪੀਐੱਸ ਅਫ਼ਸਰ ਕਿਰਨ ਬੇਦੀ ਨੇ ਸਿੱਖਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਦਰਅਸਲ, ਕਿਰਨ ਬੇਦੀ ਨੇ ਆਪਣੀ ਕਿਤਾਬ ‘ਫੀਅਰਲੈੱਸ ਗਵਰਨੈਂਸ’ ਦੇ ਹਿੰਦੀ ਐਡੀਸ਼ਨ ਨੂੰ ਰਿਲੀਜ਼ ਕਰਨ ਮੌਕੇ ‘12 ਵਜੇ ਵਾਲੀ’ ਟਿੱਪਣੀ ਕਰ ਕੇ ਸਿੱਖਾਂ ਦਾ ਮਜ਼ਾਕ ਉਡਾਇਆ ਹੈ। ਕਿਤਾਬ ਰਿਲੀਜ਼ ਕਰਨ ਮੌਕੇ ਉਨ੍ਹਾਂ ਕਿਹਾ ਕਿ 12 ਵਜੇ ਕਿਤਾਬ ਲਾਂਚ ਕਰਾਂਗੇ, ਕੋਈ ਸਰਦਾਰ ਜੀ ਤਾਂ ਇੱਥੇ ਨਹੀਂ ਹੈ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕ ਹੱਸਣ ਲੱਗ ਜਾਂਦੇ ਹਨ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਿਰਨ ਬੇਦੀ ਦੀ ਇਸ ਟਿੱਪਣੀ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਸੋਸ਼ਲ ਮੀਡੀਆ ’ਤੇ ਵੀ ਉਨ੍ਹਾਂ ਦਾ ਲਗਾਤਾਰ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ । ਅੰਤਰਰਾਸ਼ਟਰੀ ਪ੍ਰਧਾਨ ਵਿਸ਼ਵ ਪੰਜਾਬੀ ਸੰਸਥਾ ਤੇ ਮੈਂਬਰ ਪਾਰਲੀਮੈਂਟ ਰਾਜ ਸਭਾ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕਿਰਨ ਬੇਦੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ । ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਜੇਕਰ ਇੱਥੇ ਇਤਿਹਾਸ ਵੱਲ ਝਾਤ ਮਾਰੀ ਜਾਵੇ ਤਾਂ ਜਦੋਂ ਅਫ਼ਗਾਨ ਧਾੜਵੀ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ’ਤੇ ਹਮਲਾ ਕਰਕੇ ਇੱਥੋਂ ਵੱਡੀ ਮਾਤਰਾ ਵਿਚ ਸੋਨਾ, ਚਾਂਦੀ, ਹੀਰੇ ਜਵਾਹਰਾਤ ਅਤੇ ਔਰਤਾਂ ਨੂੰ ਲੁੱਟ ਕੇ ਲੈ ਜਾਂਦਾ ਸੀ ਪਰ ਉਸ ਨੂੰ ਪੰਜਾਬ ਦੇ ਰਸਤੇ ਤੋਂ ਹੋ ਕੇ ਗੁਜ਼ਰਨਾ ਪੈਂਦਾ ਸੀ। ਸਾਹਨੀ ਨੇ ਕਿਹਾ ਇਸ ਦੌਰਾਨ ਸਿੰਘ ਜੋ ਆਮ ਲੋਕਾਂ ਦੀ ਰਖਵਾਲੀ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ, ਉਹ ਇਨ੍ਹਾਂ ਧਾੜਵੀਆਂ ਦੀ ਲੁੱਟ ਦਾ ਸਾਮਾਨ ਅਤੇ ਔਰਤਾਂ ਨੂੰ ਬਚਾਉਣ ਲਈ ਰਾਤ ਦੇ 12 ਵਜੇ ਪੂਰੀ ਬਹਾਦਰੀ ਨਾਲ ਦੁਸ਼ਮਣ ’ਤੇ ਟੁੱਟ ਪੈਂਦੇ ਸਨ ਅਤੇ ਲੁੱਟ ਦਾ ਸਾਮਾਨ ਅਤੇ ਕੈਦ ਲੋਕਾਂ ਨੂੰ ਛੁਡਾ ਕੇ ਉਨ੍ਹਾਂ ਦੇ ਘਰਾਂ ਵਿੱਚ ਵਾਪਸ ਭੇਜਦੇ ਸਨ । ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਵੀ ਕਿਰਨ ਬੇਦੀ ਦੀ ਨਿੰਦਾ ਕੀਤੀ ਹੈ।