ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਮਈ
ਕਰੋਨਾ ਮਹਾਮਾਰੀ ਦੇ ਖ਼ਤਰਨਾਕ ਰੂਪ ਧਾਰਨ ਦੇ ਮੱਦੇਨਜ਼ਰ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈੱਟ) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਕਰੋਨਾ ਦੌਰ ਵਿੱਚ ਵੀ ਮੁਨਾਫ਼ਾਖੋਰੀ ਰਾਹੀਂ ਧਨ ਕਮਾਉਣ ਦੀ ਲਾਲਸਾ ਵਾਲੇ ਲੋਕ ਜੋ ਕਾਲਾਬਾਜ਼ਾਰੀ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਟਾਸਕ ਫੋਰਸ ਦਾ ਗਠਨ ਕੀਤਾ ਜਾਵੇ। ਸੰਸਥਾ ਨੇ ਮਨੁੱਖਤਾ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਸਖਤ ਅਤੇ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਹੈ। ਕੈਟ ਨੇ ਇਸ ਕਿਸਮ ਦੀ ਗਤੀਵਿਧੀ ਨੂੰ ਸਭ ਤੋਂ ਭਿਆਨਕ ਅਪਰਾਧ ਕਿਹਾ ਹੈ, ਜਿਸਦੀ ਸਖਤ ਤੋਂ ਸਖਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਕੈਟ ਨੇ ਇਹ ਵੀ ਕਿਹਾ ਹੈ ਕਿ ਜੇ ਲੋੜ ਪਈ ਤਾਂ ਸਰਕਾਰ ਨੂੰ ਇਸ ਬਾਰੇ ਆਰਡੀਨੈਂਸ ਲਿਆਉਣਾ ਚਾਹੀਦਾ ਹੈ ਪਰ ਇਨ੍ਹਾਂ ਲੋਕਾਂ ਨੂੰ ਕਿਸੇ ਵੀ ਸਥਿਤੀ ਵਿਚ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਕੈਟ ਦੇ ਕੌਮੀ ਪ੍ਰਧਾਨ ਬੀਬੀ ਭਾਰਤੀਆ ਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਅਜਿਹੇ ਘਿਣਾਉਣੇ ਜੁਰਮਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਦੋਂਕਿ ਇਹ ਮਨੁੱਖਤਾ ਲਈ ਨਾ ਭੁੱਲਣ ਵਾਲੀ ਤਬਾਹੀ ਹੈ, ਵਿਸ਼ਵਵਿਆਪੀ ਪੱਧਰ ’ਤੇ ਵੀ ਰਾਸ਼ਟਰ ਦੀ ਇੱਜ਼ਤ ’ਤੇ ਢਾਹ ਲੱਗਦੀ ਹੈ। ਭਾਰਤ ਜੋ ਵਿਸ਼ਵ ਵਿਚ ਮਨੁੱਖੀ ਕਦਰਾਂ ਕੀਮਤਾਂ ਨੂੰ ਬਣਾਈ ਰੱਖਣ ਲਈ ਜਾਣਿਆ ਜਾਂਦਾ ਹੈ।