ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਸਿੰਗਲ-ਯੂਜ਼ ਪਲਾਸਟਿਕ ਦੀਆਂ ਚੀਜ਼ਾਂ ਦੇ ਬਦਲ ਦੇ ਉਤਪਾਦਨ ਲਈ ਕੱਚੇ ਮਾਲ ’ਤੇ ਜੀਐੱਸਟੀ ਘਟਾਉਣ ਲਈ ਕੇਂਦਰ ਨੂੰ ਬੇਨਤੀ ਕਰੇਗੀ। ਮੰਤਰੀ ਨੇ ਪਲਾਸਟਿਕ ਦੇ ਬਦਲ ’ਤੇ ਚਰਚਾ ਕਰਨ ਲਈ ਹਿੱਸੇਦਾਰਾਂ ਨਾਲ ਇੱਕ ਗੋਲਮੇਜ਼ ਦੀ ਪ੍ਰਧਾਨਗੀ ਕੀਤੀ ਤੇ ਕਿਹਾ ਕਿ ਪਾਬੰਦੀ ਦੇ ਅਧੀਨ ਆਈਟਮਾਂ ਨੂੰ ਲੈ ਕੇ ਲੋਕਾਂ ਅਤੇ ਇੱਥੋਂ ਤੱਕ ਕਿ ਕੁਝ ਸਰਕਾਰੀ ਏਜੰਸੀਆਂ ਵਿੱਚ ਬਹੁਤ ਭੰਬਲਭੂਸਾ ਹੈ। ਉਨ੍ਹਾਂ ਕਿਹਾ ਕਿ ਐਨਫੋਰਸਮੈਂਟ ਟੀਮਾਂ ਲਈ ਸਿਖਲਾਈ ਸੈਸ਼ਨ ਲਾਏ ਜਾਣਗੇ ਤਾਂ ਜੋ ਪਾਬੰਦੀ ਨੂੰ ਲਾਗੂ ਕਰਨ ਦੌਰਾਨ ਕੋਈ ਉਲਝਣ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਪਾਬੰਦੀਸ਼ੁਦਾ ਉਤਪਾਦਾਂ ਦੀ ਵਰਤੋਂ ਕਰਨ ’ਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਸਰਕਾਰ ਸ਼ਿਕਾਇਤਾਂ ਦਰਜ ਕਰਨ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕਰੇਗੀ।
ਕੁਝ ਹਿੱਸੇਦਾਰਾਂ ਵੱਲੋਂ ਪਲਾਸਟਿਕ ਦੇ ਬਦਲਾਂ ਲਈ ਕੱਚੇ ਮਾਲ ’ਤੇ ਉੱਚੀ ਜੀਐੱਸਟੀ ਦਰ ਵੱਲ ਮੰਤਰੀ ਦਾ ਧਿਆਨ ਖਿੱਚਣ ਤੋਂ ਬਾਅਦ ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਇਸ ਮੁੱਦੇ ’ਤੇ ਕੇਂਦਰ ਨੂੰ ਪੱਤਰ ਲਿਖੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਸਿੰਗਲ-ਯੂਜ਼ ਪਲਾਸਟਿਕ ਦਾ ਬਦਲ ਬਣਾਉਣ ਲਈ ਕੱਚੇ ਮਾਲ ’ਤੇ ਜੀਐੱਸਟੀ ਦਰਾਂ ਘਟਾਉਣ ਲਈ ਕੇਂਦਰ ਨੂੰ ਬੇਨਤੀ ਕਰੇਗੀ। ਰਾਏ ਨੇ ਕਿਹਾ ਕਿ ਲੋਕ ਸੋਚਦੇ ਹਨ ਕਿ ਐਸਯੂਪੀ ਆਈਟਮਾਂ ’ਤੇ ਪਾਬੰਦੀ ਦਾ ਮਤਲਬ ਪਲਾਸਟਿਕ ਕੈਰੀ ਬੈਗਾਂ ’ਤੇ ਪਾਬੰਦੀ ਹੈ ਅਤੇ ਇਸ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਤੁਰੰਤ ਲੋੜ ਹੈ।
ਦਿੱਲੀ ਸਰਕਾਰ ਇੱਕ ਵੈੱਬਸਾਈਟ ’ਤੇ ਵੀ ਕੰਮ ਕਰ ਰਹੀ ਹੈ ਜਿਸ ਵਿੱਚ ਪਾਬੰਦੀਸ਼ੁਦਾ ਐਸਯੂਪੀ ਵਸਤੂਆਂ, ਉਨ੍ਹਾਂ ਦੇ ਬਦਲਾਂ ਤੇ ਬਦਲ ਬਣਾਉਣ ਲਈ ਕੱਚੇ ਮਾਲ ਦੇ ਸਰੋਤਾਂ ਨਾਲ ਸਬੰਧਤ ਸਾਰੀ ਜਾਣਕਾਰੀ ਹੋਵੇਗੀ। ਦਿੱਲੀ ਸਰਕਾਰ ਵੱਲੋਂ ਲਾਏ ਗਏ ਪਲਾਸਟਿਕ ਮੇਲੇ ਦੌਰਾਨ ਲੋਕਾਂ ਨੇ ਹੁੰਗਾਰਾ ਭਰਿਆ।