ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜਨਵਰੀ
ਦਿੱਲੀ ਦੇ 850 ਬਿਸਤਰਿਆਂ ਵਾਲੇ ਬੁਰਾੜੀ ਹਸਪਤਾਲ ਨੂੰ ਖੁੱਲ੍ਹੇ ਕਰੀਬ 2 ਸਾਲ ਹੋ ਗਏ ਹਨ ਪਰ ਅੱਜ ਤੱਕ ਬੁਰਾੜੀ ਦੇ ਲੋਕ ਇੱਥੇ ਓਪੀਡੀ ਅਤੇ ਐਮਰਜੈਂਸੀ ਸਹੂਲਤਾਂ ਤੋਂ ਪੂਰੀ ਤਰ੍ਹਾਂ ਵਾਂਝੇ ਹਨ। ਸਵਰਾਜ ਇੰਡੀਆ ਦੀ ਵਾਰਡ ਨੰਬਰ 7 ਦੀ ਮਹਿਲਾ ਪ੍ਰਧਾਨ ਰਾਧਿਕਾ ਯਾਦਵ ਨੇ ਦੱਸਿਆ ਕਿ ਬੁਰਾੜੀ ਹਸਪਤਾਲ ਵਿੱਚ ਸਿਰਫ਼ ਕਰੋਨਾ ਬੈੱਡ ਉਪਲਬਧ ਹਨ ਜੋ ਲਗਭਗ ਖਾਲੀ ਹਨ। ਇਸ ਹਸਪਤਾਲ ਵਿੱਚ ਓਪੀਡੀ ਤੇ ਐਮਰਜੈਂਸੀ ਸਹੂਲਤਾਂ ਦੀ ਘਾਟ ਕਾਰਨ ਬੁਰਾੜੀ ਦੇ ਲੋਕਾਂ ਨੂੰ ਓਪੀਡੀ ਲਈ ਦੂਰ-ਦੂਰ ਤੱਕ ਭਟਕਣਾ ਪੈਂਦਾ ਹੈ ਜਦਕਿ ਹੋਰ ਬਿਮਾਰੀਆਂ ਦੇ ਇਲਾਜ ਲਈ ਉਨ੍ਹਾਂ ਦੇ ਨੇੜੇ ਹਸਪਤਾਲ ਹੋਣ ਦੇ ਬਾਵਜੂਦ ਐਮਰਜੈਂਸੀ ਵਿੱਚ ਦੂਜੇ ਹਸਪਤਾਲ ਜਾਣਾ ਪਿਆ ਹੈ, ਜਿਸ ਦੌਰਾਨ ਐਮਰਜੈਂਸੀ ਦੀ ਸਥਿਤੀ ਵਿੱਚ ਕਈ ਲੋਕਾਂ ਨੂੰ ਜਾਨ ਗਵਾਉਣੀ ਪਈ ਹੈ।
‘ਸਵਰਾਜ ਇੰਡੀਆ’ ਦੇ ਸੂਬਾ ਪ੍ਰਧਾਨ ਨਵਨੀਤ ਤਿਵਾੜੀ ਨੇ ਕਿਹਾ ਕਿ ਬੁਰਾੜੀ ਕਰੀਬ 10 ਲੱਖ ਦੀ ਆਬਾਦੀ ਵਾਲਾ ਇਲਾਕਾ ਹੈ ਅਤੇ ਇੱਥੇ ਇੱਕ ਓਪੀਡੀ ਅਤੇ ਐਮਰਜੈਂਸੀ ਸਹੂਲਤਾਂ ਵਾਲਾ ਹਸਪਤਾਲ ਜ਼ਰੂਰੀ ਹੈ ਪਰ ਜਨਤਾ ਲਈ ਪ੍ਰਬੰਧ ਕਰਨ ਦੇ ਉਲਟ, ਬੁਰਾੜੀ ਦੇ ਇੱਕਲੌਤੇ ਹਸਪਤਾਲ ਵਿੱਚ ਓਪੀਡੀ ਅਤੇ ਐਮਰਜੈਂਸੀ ਸਹੂਲਤਾਂ ਉਪਲਬਧ ਨਹੀਂ ਹਨ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ, ਸਿਹਤ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਅਗਲੇ ਸੱਤ ਦਿਨਾਂ ਵਿੱਚ ਬੁਰਾੜੀ ਹਸਪਤਾਲ ਦੀ ਓਪੀਡੀ ਤੇ ਐਮਰਜੈਂਸੀ ਚਾਲੂ ਕਰਨ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ’ਤੇ ਸਵਰਾਜ ਇੰਡੀਆ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਦਾ ਵਿਰੋਧ ਕਰੇਗੀ।