ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਪਰੈਲ
ਦਿੱਲੀ ਭਾਜਪਾ ਦੇ ਮੁਖੀ ਆਦੇਸ਼ ਗੁਪਤਾ ਨੇ ਕਿਹਾ ਕਿ ਉਹ ਦੱਖਣ ਅਤੇ ਪੂਰਬੀ ਦਿੱਲੀ ਦੇ ਮੇਅਰਾਂ ਨੂੰ ਬੰਗਲਾਦੇਸ਼ੀਆਂ ਅਤੇ ਰੋਹਿੰਗੀਆ ਦੁਆਰਾ ਗੈਰਕਾਨੂੰਨੀ ਬਸਤੀਆਂ ਨੂੰ ਖਤਮ ਕਰਨ ਲਈ ਕਹਿਣਗੇ। ਦਿੱਲੀ ਦੇ ਜਹਾਂਗੀਰਪੁਰੀ ਖੇਤਰ ਵਿੱਚ ਢਾਹੁਣ ਦੀ ਮੁਹਿੰਮ ਦੇ ਬਾਅਦ ਦਿੱਲੀ ਭਾਜਪਾ ਦੇ ਮੁਖੀ ਆਦੇਸ਼ ਗੁਪਤਾ ਨੇ ਕਿਹਾ ਕਿ ਉਹ ਪੂਰਬੀ ਤੇ ਦੱਖਣੀ ਦਿੱਲੀ ਦੇ ਮੇਅਰਾਂ ਨੂੰ ਉਨ੍ਹਾਂ ਦੇ ਖੇਤਰਾਂ ਵਿੱਚ ਰੋਹਿੰਗਿਆਂ ਅਤੇ ਬੰਗਲਾਦੇਸ਼ੀਆਂ ਦੁਆਰਾ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਢਾਹੁਣ ਲਈ ਇਸੇ ਤਰ੍ਹਾਂ ਦੀ ਮੁਹਿੰਮ ਚਲਾਉਣ ਲਈ ਲਿਖਣਗੇ।
ਗੁਪਤਾ ਨੇ ਵੀਰਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘‘ਮੈਂ ਦੱਖਣ ਤੇ ਪੂਰਬੀ ਐੱਮਸੀਡੀ ਦੇ ਮੇਅਰਾਂ ਨੂੰ ਉੱਥੇ ਰਹਿ ਰਹੇ ਬੰਗਲਾਦੇਸ਼ੀਆਂ ਤੇ ਰੋਹਿੰਗੀਆ ਦੁਆਰਾ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵੀ ਪੱਤਰ ਲਿਖਣ ਜਾ ਰਿਹਾ ਹਾਂ।’’
ਉਸ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਜਹਾਂਗੀਰਪੁਰੀ ਵਿੱਚ ‘ਦੰਗਾਕਾਰੀਆਂ’ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਤੇ ਖੱਬੇ ਪੱਖੀ ਨੇਤਾ ਦੰਗਾਕਾਰੀਆਂ ਨੂੰ ਖੁਸ਼ ਕਰਨ ਲਈ ਜਹਾਂਗੀਰਪੁਰੀ ਗਏ ਹਨ। ਉਨ੍ਹਾਂ ਕਿਹਾ, ‘‘ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਮਮਤਾ ਬੈਨਰਜੀ (ਟੀਐੱਮਸੀ ਮੁਖੀ) ਵੀ ਉਨ੍ਹਾਂ ਨੂੰ ਮਿਲਣ ਆ ਰਹੀ ਹੈ।’’ ਦਿੱਲੀ ਭਾਜਪਾ ਪ੍ਰਧਾਨ ਨੇ ਇਹ ਵੀ ਦੋਸ਼ ਲਾਇਆ ਕਿ ‘ਆਪ’ ਦੇ ਵਿਧਾਇਕ ਅਤੇ ਕੌਂਸਲਰ ਰੋਹਿੰਗੀਆ ਅਤੇ ਬੰਗਲਾਦੇਸ਼ੀਆਂ ਨੂੰ ਵੋਟ ਬੈਂਕ ਵਜੋਂ ਵਰਤਣ ਲਈ ਉਨ੍ਹਾਂ ਦੇ ਖੇਤਰਾਂ ਵਿੱਚ ਸਮਰਥਨ ਕਰ ਰਹੇ ਹਨ।