ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਕਤੂਬਰ
ਦਿੱਲੀ ਦੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਦੋ ਇਤਿਹਾਸਕ ਰਾਮਗੜ੍ਹੀਆ ਬੁੰਗਿਆਂ ਨੂੰ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਲਾਂਘਾ ਦਿੱਤੇ ਜਾਣ ਲਈ ਮੁਹਿੰਮ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਆਗੂਆਂ ਨੂੰ ਮੰਗ ਪੱਤਰ ਦਿੱਤਾ ਗਿਆ। ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਰਿਆਤ ਦੀ ਅਗਵਾਈ ਵਿੱਚ ਦਿੱਲੀ ਦੇ ਸਿੱਖਾਂ ਦਾ ਇੱਕ ਵਫ਼ਦ ਕਮੇਟੀ ਦਫ਼ਤਰ ਵਿੱਚ ਆਗੂਆਂ ਨੂੰ ਮਿਲਿਆ ਤੇ ਆਪਣੀ ਮੰਗ ਦੁਹਰਾਈ। ਸੀਨੀਅਰ ਕਮੇਟੀ ਆਗੂ ਤੇ ਫੈਡਰੇਸ਼ਨ ਦੇ ਅਹੁਦੇਦਾਰ ਮਹਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਵਫ਼ਦ ਵੱਲੋਂ ਮੰਗ ਪੱਤਰ ਵਿੱਚ ਭਾਈਚਾਰੇ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ ਪਰਿਕਰਮਾ ਵਿੱਚੋਂ ਬੁੰਗਿਆਂ ਲਈ ਰਾਹ ਦਿੱਤਾ ਜਾਵੇ ਤਾਂ ਜੋ ਸੰਗਤਾਂ ਇਸ ਇਤਿਹਾਸਕ ਇਮਾਰਤ ਨੂੰ ਦੇਖ ਸਕਣ। ਬੁੰਗਿਆਂ ਦੀ ਸਾਂਭ ਵੱਲ ਧਿਆਨ ਦੇਣ ਦਾ ਜ਼ਿਕਰ ਵੀ ਵਫ਼ਦ ਵੱਲੋਂ ਕੀਤਾ ਗਿਆ।