ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਕਤੂਬਰ
ਪੰਜਾਬ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਉੱਤਰਾਖੰਡ ਦੇ ਗੋਬਿੰਦ ਘਾਟ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨਾਲ ਜੋੜਨ ਵਾਲੇ ਰੋਪਵੇਅ ਪ੍ਰਾਜੈਕਟ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਹੈ। ਗੁਰਦੁਆਰਾ ਹੇਮਕੁੰਟ ਸਾਹਿਬ ਉਤਰਾਖੰਡ ਵਿੱਚ ਸਿੱਖਾਂ ਦਾ ਪਵਿੱਤਰ ਧਾਰਮਿਕ ਸਥਾਨ ਹੈ ਤੇ ਇੱਥੇ ਹਰ ਰੋਜ਼ 5000 ਦੇ ਕਰੀਬ ਸ਼ਰਧਾਲੂ ਨਤਮਸਤਕ ਹੁੰਦੇ ਹਨ, ਜਿਸ ਲਈ ਉਨ੍ਹਾਂ ਨੂੰ ਖ਼ਰਾਬ ਮੌਸਮ, ਜ਼ਮੀਨ ਖਿਸਕਣ ਸਣੇ ਸਿੱਧੀ ਚੜ੍ਹਾਈ ਵਾਲੀ ਸੜਕ ਰਾਹੀਂ ਗੋਬਿੰਦ ਘਾਟ ਤੱਕ ਜਾਣਾ ਪੈਂਦਾ ਹੈ। ਫਿਰ ਪੈਦਲ ਜਾਂ ਘੋੜਿਆਂ ਰਾਹੀਂ ਜਾਂਦੇ ਹਨ ਅਤੇ ਰਾਤ ਲਈ ਗੋਬਿੰਦ ਧਾਮ ਵਿਖੇ ਰਹਿਣਾ ਪੈਂਦਾ ਹੈ।
ਸਾਹਨੀ ਨੇ ਦੱਸਿਆ ਕਿ ਇਸ ਰੋਪਵੇਅ ਪ੍ਰਾਜੈਕਟ ਦਾ ਐਲਾਨ ਕੁਝ ਸਾਲ ਪਹਿਲਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਅਤੇ ਉੱਤਰਾਖੰਡ ਸਰਕਾਰ ਵੱਲੋਂ ਕੀਤਾ ਗਿਆ ਸੀ। ਇਸ ’ਤੇ 850 ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ। ਸਰਕਾਰ ਨੇ ਜਨਤਕ-ਨਿੱਜੀ ਭਾਈਵਾਲੀ ਲਈ ਬੋਲੀ ਕਰਵਾਈ ਸੀ, ਪਰ ਸਰਕਾਰ ਇਸ ਪ੍ਰਾਜੈਕਟ ਲਈ ਪ੍ਰਾਈਵੇਟ ਕੰਪਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਅਸਫ਼ਲ ਰਹੀ। ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਇਸ ਪ੍ਰਾਜੈਕਟ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਰੋਪਵੇਅ ਪ੍ਰਾਜੈਕਟ ਦਾ ਕੰਮ ਸ਼ੁਰੂ ਕਰੇ। ਇਹ ਮੰਗ ਸ੍ਰੀ ਕੇਦਾਰਨਾਥ ਵਿੱਚ ਹੈਲੀਕਾਪਟਰ ਹਾਦਸੇ ਦੇ ਦਰਦਨਾਕ ਹਾਦਸੇ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਛੇ ਸ਼ਰਧਾਲੂਆਂ ਅਤੇ ਇੱਕ ਪਾਇਲਟ ਦੀ ਜਾਨ ਚਲੀ ਗਈ ਸੀ।