ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਗਸਤ
ਦਿੱਲੀ ਸਰਕਾਰ ਨੇ ਕਿਹਾ ਕਿ ਦਿੱਲੀ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਜੀਨੋਮ ਦੀ ਤਰਤੀਬ ਲਈ ਭੇਜੇ ਗਏ ਘੱਟੋ-ਘੱਟ 80 ਫ਼ੀਸਦੀ ਨਮੂਨਿਆਂ ਵਿੱਚ ਕਰੋਨਾਵਾਇਰਸ ਦੇ ਡੈਲਟਾ ਰੂਪ ਦਾ ਪਤਾ ਲਗਾਇਆ ਗਿਆ ਹੈ।
ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ, ‘‘ਕਰੋਨਾ ਵਾਇਰਸ ਦੇ 80 ਫ਼ੀਸਦੀ ਤੋਂ ਵੱਧ ਮਾਮਲੇ ਡੈਲਟਾ ਰੂਪ ਦੇ ਵੀ ਹਨ, ਹੁਣ ਜੋ ਨਵੇਂ ਨਮੂਨੇ ਅਸੀਂ ਭੇਜ ਰਹੇ ਹਾਂ ਉਨ੍ਹਾਂ ਵਿੱਚ ਡੈਲਟਾ ਰੂਪ ਦੇ 80 ਪ੍ਰਤੀਸ਼ਤ ਤੋਂ ਵੱਧ ਕੇਸ ਹਨ। ਪਹਿਲਾਂ ਅਸੀਂ ਆਈਸੀਐਮਆਰ ਨੂੰ ਨਮੂਨੇ ਭੇਜ ਰਹੇ ਸੀ ਉਨ੍ਹਾਂ ਨੇ ਵੀ ਇਹੀ ਦੱਸਿਆ। ਹੁਣ ਅਸੀਂ ਇਸ ਦੀ ਜਾਂਚ ਆਪਣੀਆਂ ਲੈਬਾਂ ਵਿੱਚ ਕਰ ਰਹੇ ਹਾਂ ਤਾਂ ਕੇਸ ਸਿਰਫ਼ ਡੈਲਟਾ ਰੂਪ ਦੇ ਆ ਰਹੇ ਹਨ।’’
ਸ੍ਰੀ ਜੈਨ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਤੀਜੀ ਲਹਿਰ ਲਈ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਗਲੀ ਲਹਿਰ ਲਈ 37,000 ਬੈੱਡ, 12,000 ਆਈਸੀਯੂ ਬੈੱਡ ਤਿਆਰ ਕੀਤੇ ਜਾ ਰਹੇ ਹਨ। ਦਿੱਲੀ ਸਰਕਾਰ ਨੇ ਕੋਵਿਡ-19 ਪ੍ਰਬੰਧਨ ਲਈ ਕਲਰ-ਕੋਡਡ ਗਰੇਡਡ ਰਿਸਪਾਂਸ ਸਿਸਟਮ ਲਾਂਚ ਕੀਤਾ ਹੈ। ਇਸ ਦਾ ਪਹਿਲਾ ਪੜਾਅ 0.5 ਫ਼ੀਸਦੀ ਸਕਾਰਾਤਮਕਤਾ ਨਾਲ ਲਾਗੂ ਕੀਤਾ ਜਾਵੇਗਾ। ਸ੍ਰੀ ਜੈਨ ਨੇ ਕਿਹਾ ਕਿ ਜਦੋਂ ਸਕਾਰਾਤਮਕਤਾ ਇੱਕ ਫ਼ੀਸਦੀ ਤੱਕ ਪਹੁੰਚ ਜਾਂਦੀ ਹੈ ਤਾਂ ਦੂਜੇ ਪੜਾਅ ’ਤੇ 5 ਪ੍ਰਤੀਸ਼ਤ ਨੂੰ ਲਾਲ ਪੱਧਰ ਦੇ ਰੂਪ ਵਿੱਚ ਅਤੇ ਫਿਰ ਤੀਜੇ ਪੜਾਅ ਨੂੰ ਲਾਗੂ ਕੀਤਾ ਜਾਵੇਗਾ।
52 ਨਵੇਂ ਮਾਮਲੇ ਤੇ ਇੱਕ ਹੋਰ ਮੌਤ
ਨਵੀਂ ਦਿੱਲੀ: ਰਾਜ ਦੇ ਸਿਹਤ ਵਿਭਾਗ ਦੁਆਰਾ ਸਾਂਝੇ ਕੀਤੇ ਅੰਕੜਿਆਂ ਅਨੁਸਾਰ ਅੱਜ ਦਿੱਲੀ ਵਿੱਚ ਕਰੋਨਾਵਾਇਰਸ ਦੇ 52 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਕ ਮੌਤ ਹੋਈ ਹੈ। ਇਸ ਦੇ ਨਾਲ ਦਿੱਲੀ ਦੇ ਕੁੱਲ ਕੇਸ 14,36,852 ਹਨ। ਦਿੱਲੀ ਵਿੱਚ ਇਸ ਵੇਲੇ 504 ਸਰਗਰਮ ਮਾਮਲੇ ਹਨ ਜੋ ਪਿਛਲੇ ਦਿਨ 498 ਤੋਂ ਵਧ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਲਾਗ ਤੋਂ ਪੰਜਾਹ ਮਰੀਜ਼ ਠੀਕ ਹੋ ਗਏ ਹਨ ਜਿਸ ਨਾਲ ਸ਼ਹਿਰ ਵਿੱਚ ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 14,11,280 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਵਾਇਰਸ ਦੇ 65,123 ਨਮੂਨਿਆਂ ਦੀ ਜਾਂਚ ਕੀਤੀ ਗਈ ਤੇ ਸ਼ਹਿਰ ਦੀ ਸਕਾਰਾਤਮਕਤਾ ਦਰ ਹੁਣ 0.08 ਪ੍ਰਤੀਸ਼ਤ ਹੈ। ਹੁਣ ਤੱਕ ਸ਼ਹਿਰ ਵਿੱਚ ਕਰੋਨਾਵਾਇਰਸ ਕਾਰਨ 25,068 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਮੌਤ ਦਰ 1.74 ਪ੍ਰਤੀਸ਼ਤ ਹੈ। ਰਾਜਧਾਨੀ ਵਿੱਚ ਸੋਮਵਾਰ ਨੂੰ 39 ਕੋਵਿਡ-19 ਕੇਸ ਤੇ ਇੱਕ ਮੌਤ ਹੋਈ ਸੀ ਜਦੋਂਕਿ ਪਿਛਲੇ ਸਾਲ ਅਪਰੈਲ ਤੋਂ ਬਾਅਦ ਪਹਿਲੀ ਵਾਰ ਸ਼ਹਿਰ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 500 ਤੋਂ ਹੇਠਾਂ ਆ ਗਈ ਹੈ।