ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਵੱਲੋਂ ਕਰਵਾਈਆਂ ਮੁਹੱਲਾ ਮੀਟਿੰਗਾਂ ਵਿੱਚ ਆਏ ਲੋਕਾਂ ਨੇ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਐੱਮਸੀਡੀ ਵਿੱਚ ਭਾਜਪਾ ਲਈ ਸਿਰਫ਼ ਕੁਝ ਦਿਨ ਬਾਕੀ ਹਨ। ‘ਆਪ’ ਦੇ ਦਿੱਲੀ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਐੱਮਸੀਡੀ ਤੋਂ ਭਾਜਪਾ ਦੀ ਵਿਦਾਈ ਦੀ ਸਮਾਂ ਸੀਮਾ ਦਿੱਲੀ ਦੀ ਸਰਹੱਦ ’ਤੇ ਖੜ੍ਹੇ ਤਿੰਨ ਕੂੜੇ ਦੇ ਪਹਾੜਾਂ ਨੂੰ ਸਾਫ ਕਰਨ ਦੀ ਸਮਾਂ ਸੀਮਾ ਤੋਂ ਪਹਿਲਾਂ ਹੀ ਆ ਜਾਵੇਗੀ ਕਿਉਂਕਿ 1 ਸਤੰਬਰ ਤੋਂ 20 ਅਕਤੂਬਰ ਤੱਕ ਦਿੱਲੀ ਭਰ ਵਿੱਚ 2532 ਮੁਹੱਲਾ ਮੀਟਿੰਗਾਂ ਕੀਤੀਆਂ ਗਈਆਂ ਤੇ ਹਰ ਮੀਟਿੰਗ ਵਿੱਚ ਲੋਕਾਂ ਨੇ ਦਿੱਲੀ ਵਿੱਚ ਫੈਲੀ ਗੰਦਗੀ ਤੇ ਕੂੜੇ ਦਾ ਮੁੱਦਾ ਉਠਾਇਆ। ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਦੇ ਲੋਕ ਵੀ ਇਸ ਵਾਰ ਐੱਮਸੀਡੀ ’ਚ ਬਦਲਾਅ ਚਾਹੁੰਦੇ ਹਨ। ਦਿੱਲੀ ਸਟੇਟ ਕਨਵੀਨਰ ਅਤੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੁਹੱਲੇ ਦੀਆਂ ਮੀਟਿੰਗਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਵਿਧਾਨ ਸਭਾ ਅਤੇ ਦਿੱਲੀ ਸਰਕਾਰ ਦੇ ਪੱਧਰ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ।