ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕੇਜਰੀਵਾਲ ਸਰਕਾਰ ਮੁਫ਼ਤ ਬਿਜਲੀ ਦੇਣ ਦੇ ਦਾਅਵੇ ਰਾਹੀਂ ਦਿੱਲੀ ਵਾਸੀਆਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਵਿੱਚ ਜਿੰਨੀ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ, ਉਸ ਤੋਂ ਤਿੰਨ ਗੁਣਾ ਵੱਧ ਪੈਸੇ ਫਿਕਸ ਚਾਰਜ ਦੇ ਨਾਂ ’ਤੇ ਵਸੂਲੇ ਜਾ ਰਹੇ ਹਨ। ਗੁਪਤਾ ਨੇ ਕੇਜਰੀਵਾਲ ਸਰਕਾਰ ਨੂੰ ਇਹ ਲੁੱਟ ਤੁਰੰਤ ਬੰਦ ਕਰਨ ਤੇ ਖਪਤਕਾਰਾਂ ਨੂੰ ਫਿਕਸ ਚਾਰਜ ਦੇ ਪੈਸੇ ਵਾਪਸ ਕਰਨ ਲਈ ਕਿਹਾ। ‘ਆਪ’ ਸਰਕਾਰ ’ਤੇ ਬਿਜਲੀ ਖਪਤਕਾਰਾਂ ਦੀ ਲੁੱਟ ਕਰਨ ਦਾ ਦੋਸ਼ ਲਾਉਂਦਿਆਂ ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਵਿੱਚ 7000 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾਂਦੀ ਹੈ, ਜਿਸ ਦੇ ਹਿਸਾਬ ਨਾਲ ਫਿਕਸ ਚਾਰਜ ਦੇ ਨਾਂ ’ਤੇ ਤਿੰਨ ਗੁਣਾ ਤੋਂ ਵੱਧ ਕੀਮਤ ਵਸੂਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬਿਜਲੀ ਦੀ ਔਸਤ ਦਰ 6.85 ਰੁਪਏ ਪ੍ਰਤੀ ਯੂਨਿਟ ਹੈ, ਜਦਕਿ ਉਦਯੋਗਿਕ ਯੂਨਿਟਾਂ ਵੱਲੋਂ 10.69 ਰੁਪਏ ਪ੍ਰਤੀ ਯੂਨਿਟ ਅਤੇ ਘਰੇਲੂ ਖਪਤਕਾਰਾਂ ਤੋਂ 5.11 ਰੁਪਏ ਵਸੂਲੇ ਜਾ ਰਹੇ ਹਨ। ਦਿੱਲੀ ਵਿੱਚ ‘ਸਲੈਬ ਰੇਟ’ ਇੱਕ ਧੋਖਾ ਹੈ ਕਿਉਂਕਿ 200 ਯੂਨਿਟ ਤੋਂ ਉੱਪਰ ਦਾ ਬਿੱਲ ਆਉਂਦੇ ਹੀ ਪੂਰਾ ਬਿੱਲ ਅਦਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਵੰਡ ਕੇਜਰੀਵਾਲ ਸਰਕਾਰ ਦੀ ਵੋਟ ਬੈਂਕ ਸਕੀਮ ਹੈ, ਜਿਸ ਦਾ ਲਾਭ ਸਿਰਫ 20 ਫੀਸਦੀ ਕੁਨੈਕਸ਼ਨ ਧਾਰਕਾਂ ਨੂੰ ਹੀ ਮਿਲ ਰਿਹਾ ਹੈ। ਇਸ ਦੀ ਕੀਮਤ ਦੁਕਾਨਦਾਰਾਂ, ਉਦਯੋਗਾਂ ਅਤੇ ਮੱਧ ਵਰਗ ਦੇ ਘਰੇਲੂ ਖਪਤਕਾਰਾਂ ਨੂੰ ਭੁਗਤਣੀ ਪੈ ਰਹੀ ਹੈ, ਜੋ ਉੱਚ ਬਿਜਲੀ ਦਰਾਂ ’ਤੇ ਭਾਰੀ ਡਿਊਟੀ ਅਦਾ ਕਰਦੇ ਹਨ। ਕੇਜਰੀਵਾਲ ਦੇਸ਼ ਦੇ ਇਕਲੌਤੇ ਮੁੱਖ ਮੰਤਰੀ ਹਨ ਜੋ ਕਿਸਾਨਾਂ ਤੋਂ ਵਪਾਰਕ ਦਰਾਂ ’ਤੇ ਬਿਜਲੀ ਦੇ ਬਿੱਲ ਵਸੂਲਣ ਦਾ ਕੰਮ ਵੀ ਕਰ ਰਹੇ ਹਨ।