ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੂਨ
ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਜਿੱਤਣ ਦਾ ਅਸਰ ਦਿੱਲੀ ਦੀ ਸਿੱਖ ਰਾਜਨੀਤੀ ਉੱਪਰ ਪੈ ਸਕਦਾ ਹੈ। ਸਾਲ 2004-05 ਮਗਰੋਂ ਹੁਣ ਫਿਰ ਦਿੱਲੀ ਅੰਦਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੁੜ ਸਰਗਰਮ ਹੋ ਸਕਦਾ ਹੈ। ਇੱਥੋਂ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਇੱਕ ਕਮਰੇ ਅੰਦਰ ਪਾਰਟੀ ਦਾ ਦਫ਼ਤਰ ਵੀ ਹੁੰਦਾ ਸੀ ਜੋ ਬਾਅਦ ਵਿੱਚ ਬੰਦ ਵਰਗਾ ਹੀ ਹੋ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਾਂਝੀ ਉਮੀਦਵਾਰ ਬੀਬੀ ਰਾਜੋਆਣਾ ਦੇ ਪੰਜਵੀਂ ਥਾਂ ਉੱਪਰ ਖਿਸਕ ਜਾਣ ਕਾਰਨ ਦਿੱਲੀ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵਿੱਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਅੰਦਰੋ-ਅੰਦਰੀ ਬਾਗ਼ੋ-ਬਾਗ਼ ਹਨ ਪਰ ਮੂੰਹੋਂ ਕੁੱਝ ਨਹੀਂ ਆਖ ਰਹੇ। ਬੀਤੇ ਦਿਨਾਂ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਲ ਦੇ ਦਫ਼ਤਰ ਵਿੱਚ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਸਨ ਪਰ ਉੱਥੇ ਦਿੱਲੀ ਦੀ ਕੋਈ ਵੱਡੀ ਸਿੱਖ ਸ਼ਖ਼ਸੀਅਤ ਨਜ਼ਰ ਨਹੀਂ ਆਈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਵਰਕਰਾਂ ਦਾ ਹੌਸਲਾ ਵਧਾਉਣ ਲਈ ਕਿਹਾ ਕਿ ਦਿੱਲੀ ਇਕਾਈ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਤੇ ਸ੍ਰੀ ਬਾਦਲ ਦੀ ਪ੍ਰਧਾਨਗੀ ਵਿੱਚ ਪੂਰਨ ਭਰੋਸਾ ਕਰਦੀ ਹੈ ਤੇ ਜੋ ਲੋਕ ਉਨ੍ਹਾਂ ਦੀ ਕਾਰਜਸ਼ੈਲੀ ’ਤੇ ਸਵਾਲ ਚੁੱਕਦੇ ਹੋਏ ਕਿੰਤੂ-ਪ੍ਰੰਤੂ ਕਰ ਰਹੇ ਹਨ ਉਹ ਅਜਿਹਾ ਨਾ ਕਰਨ ਸਗੋਂ ਪਾਰਟੀ ਮੀਟਿੰਗ ਅੰਦਰ ਆਪਣੀ ਗੱਲ ਰੱਖਣ।