ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਅਕਤੂਬਰ
ਕਰੋਨਾਵਾਇਰਸ ਮਹਾਮਾਰੀ ਕਾਰਨ 19 ਮਹੀਨਿਆਂ ਤੱਕ ਬੰਦ ਰਹਿਣ ਤੋਂ ਬਾਅਦ ਕੌਮੀ ਰਾਜਧਾਨੀ ਵਿੱਚ ਸਕੂਲ 1 ਨਵੰਬਰ ਤੋਂ ਸਾਰੀਆਂ ਜਮਾਤਾਂ ਲਈ 50 ਫ਼ੀਸਦ ਵਿਦਿਆਰਥੀਆ ਨਾਲ ਦੁਬਾਰਾ ਖੁੱਲ੍ਹਣਗੇ। ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ (ਡੀਡੀਐੱਮਏ) ਦੀ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਦਾ ਐਲਾਨ ਕਰਦੇ ਹੋਏ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੋਮਵਾਰ ਤੋਂ ਹੋਰ ਸਾਰੇ ਵਿਦਿਅਕ ਅਦਾਰੇ ਦੁਬਾਰਾ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕੋਵਿਡ-19 ਦੀ ਸਥਿਤੀ ਕਾਬੂ ਵਿੱਚ ਹੈ। ਦਿੱਲੀ ਸਰਕਾਰ ਨੇ ਇਸ ਤੋਂ ਪਹਿਲਾਂ ਕੌਮੀ ਰਾਜਧਾਨੀ ਵਿੱਚ ਕੋਵਿਡ-19 ਦੀ ਸਥਿਤੀ ਵਿੱਚ ਹੋਏ ਸੁਧਾਰ ਮਗਰੋਂ 1 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤਾਂ ਦੇ ਸਕੂਲ, ਕਾਲਜ ਤੇ ਕੋਚਿੰਗ ਸੰਸਥਾਵਾਂ ਨੂੰ ਮੁੜ ਖੋਲ੍ਹਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਇਹ ਪਹਿਲੀ ਵਾਰ ਹੈ ਜਦੋਂ ਮਹਾਮਾਰੀ ਦੇ ਫੈਲਣ ਤੋਂ ਬਾਅਦ ਸਕੂਲ 8ਵੀਂ ਜਮਾਤ ਤੱਕ ਦੀਆਂ ਕਲਾਸਾਂ ਲਈ ਦੁਬਾਰਾ ਖੁੱਲ੍ਹਣਗੇ। ਸਿਸੋਦੀਆ ਨੇ ਕਿਹਾ ਕਿ ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਡੀਡੀਐੱਮਏ ਦੀ ਮੀਟਿੰਗ ਵਿੱਚ ਮਾਹਿਰਾਂ ਦੁਆਰਾ ਇਹ ਵੀ ਕਿਹਾ ਗਿਆ ਸੀ ਕਿ ਇਸ ਨੁਕਸਾਨ ਨੂੰ ਪੂਰਾ ਕਰਨਾ ਆਸਾਨ ਨਹੀਂ ਹੋਵੇਗਾ। ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ 1 ਨਵੰਬਰ ਤੋਂ ਸਾਰੇ ਸਕੂਲਾਂ ਨੂੰ ਸਾਰੀਆਂ ਜਮਾਤਾਂ ਲਈ ਦੁਬਾਰਾ ਖੋਲ੍ਹਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਦੀ ਸਥਿਤੀ ਕਾਬੂ ਹੇਠ ਹੈ ਪਰ ਮੌਜੂਦਾ ਸਮੇਂ ਤੇ ਆਉਣ ਵਾਲੇ ਤਿਉਹਾਰਾਂ ਨੂੰ ਦੇਖਦੇ ਹੋਏ ਕੁਝ ਦੇਸ਼ਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਾਵਧਾਨ ਰਹਿਣ ਦੀ ਲੋੜ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਇੱਕ ਮਾਹਿਰ ਕਮੇਟੀ ਨੇ ਸਿਫ਼ਾਰਸ਼ ਕੀਤੀ ਸੀ, ਕਿਸੇ ਵੀ ਮਾਤਾ-ਪਿਤਾ ਨੂੰ ਆਪਣੇ ਵਾਰਡਾਂ ਨੂੰ ਸਕੂਲ ਭੇਜਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਤੇ ਸਿੱਖਿਆ ਮਿਸ਼ਰਤ ਜਾਂ ਹਾਈਬ੍ਰਿਡ ਮੋਡ (ਆਨਲਾਈਨ ਅਤੇ ਆਫਲਾਈਨ ਦੋਵੇਂ ਕਲਾਸਾਂ) ਵਿੱਚ ਜਾਰੀ ਰਹੇਗੀ। ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇੱਕ ਜਮਾਤ ਦੇ 50 ਫ਼ੀਸਦ ਤੋਂ ਵੱਧ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਨਾ ਬੁਲਾਇਆ ਜਾਵੇ ਅਤੇ ਸਾਰੇ ਸਟਾਫ ਨੂੰ ਜਿੰਨੀ ਜਲਦੀ ਹੋ ਸਕੇ ਪੂਰੀ ਤਰ੍ਹਾਂ ਟੀਕਾਕਰਨ ਕਰਨ ਦੀ ਲੋੜ ਹੈ। ਡੀਡੀਐੱਮਏ ਦੀ ਮੀਟਿੰਗ ਵਿੱਚ ਸਾਂਝੇ ਕੀਤੇ ਗਏ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਸਿਸੋਦੀਆ ਨੇ ਕਿਹਾ ਕਿ ਲਗਭਗ 98 ਫ਼ੀਸਦ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ ਨੇ ਕੋਵਿਡ-19 ਟੀਕੇ ਦੀ ਘੱਟੋ-ਘੱਟ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ। ਡੀਡੀਐੱਮਏ ਦੀ ਮੀਟਿੰਗ ਵਿੱਚ ਦਿੱਲੀ ਵਿੱਚ ਛਠ ਪੂਜਾ ਦੇ ਸਮਾਗਮਾਂ ਲਈ ਵੀ ਇਜਾਜ਼ਤ ਦਿੱਤੀ ਗਈ ਹੈ।