ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਪਰੈਲ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਰਾਜਧਾਨੀ ਦੀਆਂ ਸੜਕਾਂ ਨੂੰ ਯੂਰੋਪ ਮਿਆਰਾਂ ਦੇ ਨਾਲ ਬਦਲਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਸਿਸੋਦੀਆ ਨੇ ਸ਼ਹਿਰ ਵਿੱਚ ਪੁਨਰ ਵਿਕਾਸ ਅਤੇ ਸਟਰੀਟਸਕੇਪਿੰਗ ਦੇ ਕੰਮ ਦਾ ਨਿਰੀਖਣ ਕੀਤਾ। ਸ੍ਰੀ ਸਿਸੋਦੀਆ ਨੇ ਮੋਤੀ ਬਾਗ ਅਤੇ ਨਰੈਣਾ ਵਿਚਕਾਰ ਸਟਰੀਟਸਕੇਪਿੰਗ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਉਸਾਰੀ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਸ੍ਰੀ ਸਿਸੋਦੀਆ ਨੇ ਕਿਹਾ ਕਿ ਸਟਰੀਟਸਕੇਪਿੰਗ ਪ੍ਰਾਜੈਕਟ ਦੇ ਤਹਿਤ ਦਿੱਲੀ ਸਰਕਾਰ ਦਾ ਟੀਚਾ ਕੌਮੀ ਰਾਜਧਾਨੀ ਦੀਆਂ ਕਈ ਸੜਕਾਂ ਨੂੰ ਮੁੜ ਡਿਜ਼ਾਈਨ ਕਰਨਾ ਅਤੇ ਸੁੰਦਰ ਬਣਾਉਣਾ ਹੈ। ਪਾਇਲਟ ਪੜਾਅ ਵਿੱਚ ਖਾਸ ਲੋੜਾਂ ਅਨੁਸਾਰ 16 ਸੜਕਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਇਸ ਦੇ ਮੁਕੰਮਲ ਹੋਣ ਤੋਂ ਬਾਅਦ 540 ਕਿਲੋਮੀਟਰ ਸੜਕਾਂ ਦਾ ਵੀ ਇਸੇ ਤਰਜ਼ ’ਤੇ ਸੁੰਦਰੀਕਰਨ ਕੀਤਾ ਜਾਵੇਗਾ। ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੜਕਾਂ ਦੀ ਧੂੜ ਦਿੱਲੀ ਦੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਵਾਰ ਬਰਸਾਤ ਦੇ ਮੌਸਮ ਤੋਂ ਬਾਅਦ ਕਿਸੇ ਵੀ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ ਤੇ ਸ਼ਹਿਰ ਦੀਆਂ ਸਾਰੀਆਂ ਛੋਟੀਆਂ ਅਤੇ ਵੱਡੀਆਂ ਸੜਕਾਂ ਦਾ ਬੁਰਾ ਹਾਲ ਹੈ।