ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਅਗਸਤ
ਦਿੱਲੀ ਵਿੱਚ ਭਾਰੀ ਮੀਂਹ ਦੌਰਾਨ ਪਾਣੀ ਭਰਨ ਦੀ ਸਮੱਸਿਆ ਬਹੁਤ ਜਲਦੀ ਹੱਲ ਹੋ ਜਾਵੇਗੀ। ਇਸਦੇ ਲਈ ਹਰ ਡਰੇਨ ਵਿੱਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ। ਆਈਆਈਟੀ ਦਿੱਲੀ ਦੁਆਰਾ ਦਿੱਤੇ ਗਏ ਸੁਝਾਵਾਂ ਦੇ ਅਨੁਸਾਰ ਨਾਲਿਆਂ ਵਿੱਚ ਬਦਲਾਅ ਕੀਤੇ ਜਾਣਗੇ ਤਾਂ ਜੋ ਭਾਰੀ ਬਾਰਿਸ਼ ਦੇ ਦੌਰਾਨ ਵੀ ਪਾਣੀ ਦੀ ਨਿਕਾਸੀ ਬਿਹਤਰ ਹੋ ਸਕੇ। ਦਿੱਲੀ ਵਿੱਚ ਕਿਹੜੀ ਡਰੇਨ ਦੀ ਢਲਾਣ ਖਰਾਬ ਹੈ, ਕਿਹੜੀ ਡਰੇਨ ਕਿੱਥੇ ਮਿਲਦੀ ਹੈ ਤੇ ਕਿਹੜੀ ਡਰੇਨ ਨੂੰ ਕਿਸ ਡਰੇਨ ਨਾਲ ਜੋੜਨਾ ਹੈ, ਇਸਦੇ ਲਈ ਹਰੇਕ ਡਰੇਨ ਲਈ ਇੱਕ ਵੱਖਰਾ ਪ੍ਰਾਜੈਕਟ ਬਣਾਇਆ ਜਾਵੇਗਾ। ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਲਈ ਛੇਤੀ ਤੋਂ ਛੇਤੀ ਮੁਕੰਮਲ ਯੋਜਨਾ ਬਣਾਉਣ। ਇਸਦੇ ਲਈ ਸਲਾਹਕਾਰ ਨਿਯੁਕਤ ਕੀਤੇ ਜਾਣਗੇ ਜੋ ਹਰੇਕ ਡਰੇਨ ਦੀ ਯੋਜਨਾ ਤੇ ਪ੍ਰਾਜੈਕਟ ਰਿਪੋਰਟ ਤਿਆਰ ਕਰਨਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਡਰੇਨੇਜ ਮਾਸਟਰ ਪਲਾਨ ਦੇ ਸਬੰਧ ਵਿੱਚ ਅੱਜ ਦਿੱਲੀ ਸਕੱਤਰੇਤ ਵਿਖੇ ਹੋਈ ਸਮੀਖਿਆ ਮੀਟਿੰਗ ਦੌਰਾਨ ਇਹ ਗੱਲ ਕਹੀ। ਇਸ ਦੌਰਾਨ ਜਲ ਮੰਤਰੀ ਸਤੇਂਦਰ ਜੈਨ, ਡੀਜੇਬੀ ਦੇ ਉਪ-ਚੇਅਰਮੈਨ ਰਾਘਵ ਚੱਢਾ ਤੇ ਜਲ ਬੋਰਡ ਦੇ ਮੁੱਖ ਅਧਿਕਾਰੀ ਤੇ ਮੁੱਖ ਸਕੱਤਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਦਿੱਲੀ ਜਲ ਬੋਰਡ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਡਰੇਨੇਜ਼ ਮਾਸਟਰ ਪਲਾਨ -2021 ਦੇ ਸੰਬੰਧ ਵਿੱਚ ਦਿੱਲੀ ਸਕੱਤਰੇਤ ਵਿਖੇ ਹੋਈ ਸਮੀਖਿਆ ਮੀਟਿੰਗ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਭਾਰੀ ਮੀਂਹ ਦੌਰਾਨ ਪਾਣੀ ਭਰਨ ਦੇ ਕਾਰਨਾਂ ਬਾਰੇ ਚਾਨਣਾ ਪਾਇਆ ਤੇ ਵਿੱਚ ਲੋੜੀਂਦੀਆਂ ਤਬਦੀਲੀਆਂ ਦਾ ਸੁਝਾਅ ਦਿੱਤਾ। ਜਿਸ ‘ਤੇ ਮੁੱਖ ਮੰਤਰੀ ਨੇ ਹਰੇਕ ਨਾਲੇ ਵਿੱਚ ਪਾਣੀ ਭਰਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਜ਼ਰੂਰੀ ਨਿਰਦੇਸ਼ ਦਿੱਤੇ। ਦਿੱਲੀ ਵਿੱਚ ਕਰੀਬ 2846 ਨਾਲੀਆਂ ਹਨ ਤੇ ਇਨ੍ਹਾਂ ਦੀ ਲੰਬਾਈ ਲਗਭਗ 3692 ਕਿਲੋਮੀਟਰ ਹੈ।
ਇਨ੍ਹਾਂ ਡਰੇਨਾਂ ਦਾ ਇੱਕ ਵੱਡਾ ਹਿੱਸਾ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੇ ਕੋਲ ਹੈ ਤੇ ਪੀਡਬਲਯੂਡੀ ਇਸਦਾ ਨੋਡਲ ਵਿਭਾਗ ਵੀ ਹੈ। ਦਿੱਲੀ ਨੂੰ ਤਿੰਨ ਪ੍ਰਮੁੱਖ ਕੁਦਰਤੀ ਨਿਕਾਸੀ ਬੇਸਿਨਾਂ ਵਿੱਚ ਵੰਡਿਆ ਗਿਆ ਹੈ। ਇਹ ਤਿੰਨ ਨਿਕਾਸੀ ਬੇਸਿਨ ਹਨ ਟ੍ਰਾਂਸ ਯਮੁਨਾ, ਬਾਰਾਪੁੱਲਾ ਤੇ ਨਜਫਗੜ੍ਹ. ਇਸ ਤੋਂ ਇਲਾਵਾ, ਕੁਝ ਬਹੁਤ ਛੋਟੇ ਨਿਕਾਸੀ ਬੇਸਿਨ, ਅਰੁਣਾ ਨਗਰ ਅਤੇ ਚੰਦਰਵਾਲ ਵੀ ਹਨ ਜੋ ਸਿੱਧੇ ਯਮੁਨਾ ਵਿੱਚ ਵਹਿ ਜਾਂਦੇ ਹਨ।