ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਅਕਤੂਬਰ
ਕੌਮੀ ਰਾਜਧਾਨੀ ਦਿੱਲੀ ਦੀ ਆਵੋ-ਹਵਾ ਗੰਧਲੀ ਹੋਣ ਲੱਗੀ ਹੈ ਤੇ ਅੱਜ ਹਵਾ ਦਾ ਗੁਣਵਤਾ ਸੂਚਕ ਅੰਕ ‘ਮਾੜੇ’ ਵਰਗ ਵਿੱਚ ਪੁੱਜ ਗਿਆ। ਖ਼ਤਰਨਾਕ ਪੀਐਮ 10 ਦਾ ਪੱਧਰ ਦਿੱਲੀ ਐੱਨਸੀਆਰ ਵਿੱਚ 225 ਰਿਹਾ ਜੋ ਬੀਤੇ 2 ਮਹੀਨਿਆਂ ਦੌਰਾਨ ਸਭ ਤੋਂ ਜ਼ਿਆਦਾ ਦਰਜ ਕੀਤਾ ਗਿਆ। ਦਿੱਲੀ ਦਾ ਔਸਤਨ ਸ਼ੁੱਧਤਾ ਅੰਕੜਾ 207 ਰਿਹਾ। ਬੀਤੇ ਦਿਨ ਇਹ 179 ਸੀ ਜੋ ਦਰਮਿਆਨਾ ਮੰਨਿਆ ਜਾਂਦਾ ਹੈ। ਵਾਯੂਮੰਡਲ ਉਪਰ ਨਜ਼ਰ ਰੱਖਣ ਵਾਲੀ ਸਰਕਾਰੀ ਏਜੰਸੀ ‘ਸਫਰ’ ਵੱਲੋਂ ਬੀਤੇ ਦਿਨ ਹੀ ਦੱਸਿਆ ਗਿਆ ਸੀ ਕਿ ਉੱਤਰੀ ਰਾਜਾਂ ਵਿੱਚ ਸਾੜੀ ਜਾ ਰਹੀ ਪਰਾਲੀ ਕਾਰਨ ਦਿੱਲੀ ਤੇ ਆਸ-ਪਾਸ ਦੀ ਹਵਾ ਵਿੱਚ ਧੂੰਆਂ ਦਾਖ਼ਲ ਹੋਣ ਲੱਗਾ ਹੈ। ਰਾਤਾਂ ਸਮੇਂ ਤਾਪਮਾਨ ਵੀ ਠੰਢਾ ਹੋਣ ਲੱਗਾ ਹੈ ਜਿਸ ਕਰਕੇ ਹਵਾ ਵਿਚਲੇ ਕਣ ਭਾਰੀ ਹੋਣ ਕਰਕੇ ਠਹਿਰਨ ਲੱਗੇ ਹਨ।
ਐਂਟੀ ਸਮੋਗ ਗੰਨ ਦੀ ਤਾਇਨਾਤੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਰਕਾਰ ਵੱਲੋਂ ਉਸਾਰੀ ਵਾਲੀਆਂ ਥਾਵਾਂ ਉਪਰ ਗਰਦ ਤੋਂ ਬਣਦੇ ਪ੍ਰਦੂਸ਼ਣ ਨੂੰ ਰੋਕਣ ਲਈ ਉੱਥੇ ‘ਐਂਟੀ ਸਮੋਗ ਗੰਨਾਂ’ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਦਿੱਲੀ ਦੇ ਪ੍ਰਦੂਸ਼ਣ ਵਿਭਾਗ ਵੱਲੋਂ ਦੱਸਿਆ ਗਿਆ ਕਿ ਅਜਿਹੀਆਂ ਮਸ਼ੀਨਾਂ ਦੀ ਦਿਨ ਵਿੱਚ 8 ਤੋਂ 10 ਵਾਰ ਉਸਾਰੀ ਵਾਲੀ ਥਾਂ ਉਪਰ ਵਰਤੋਂ ਕੀਤੀ ਜਾਂਦੀ ਹੈ। ਅਧਿਕਾਰੀ ਮੁਤਾਬਕ ਠੰਢ ਦਾ ਮੌਸਮ ਸ਼ੁਰੂ ਹੁੰਦੇ ਹੀ ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਵਾਧਾ ਹੋਣ ਲੱਗਦਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਇ ਨੇ ਦੱਸਿਆ ਕਿ ਅਜਿਹੀਆਂ 39 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਉਸਾਰੀ ਕਾਰਜਾਂ ਤੋਂ ਪੈਦਾ ਹੁੰਦੀ ਧੂੜ ਨੂੰ ਰੋਕਣ ਲਈ ਐਂਟੀ ਸਮੋਗ ਗੰਨਾਂ ਲਾਈਆਂ ਜਾ ਰਹੀਆਂ ਹਨ।
‘ਆਪ’ ਵੱਲੋਂ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਚਿਤਾਵਨੀ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕੌਮੀ ਬੁਲਾਰੇ ਰਾਘਵ ਚੱਢਾ ਨੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਕਿਹਾ ਕਿ ਉਹ ਇਨ੍ਹਾਂ ਰਾਜਾਂ ਵਿੱਚ ਪਰਾਲੀ ਸਾੜੇ ਜਾਣ ਤੋਂ ਰੋਕਣ ਕਿਉਂਕਿ ਇਨ੍ਹਾਂ ਰਾਜਾਂ ‘ਚ ਬੀਤੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲੇ ਵਧੇ ਹਨ। ਸ੍ਰੀ ਚੱਢਾ ਨੇ ਕਿਹਾ ਕਿ ਅਕੂਤਬਰ 2020 ਦੌਰਾਨ ਪੰਜਾਬ ਵਿੱਚ 9 ਗੁਣਾ ਤੇ ਹਰਿਆਣਾ ਵਿੱਚ 3 ਗੁਣਾ ਵੱਧ ਪਰਾਲੀ ਸਾੜੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਤਾਂ ਪ੍ਰਧਾਨ ਮੰਤਰੀ ਦੀ ਪ੍ਰਦੂਸ਼ਣ ਰੋਕਣ ਦੀ ਸਲਾਹ ਵੀ ਨਜ਼ਰਅੰਦਾਜ਼ ਕਰ ਰਿਹਾ ਹੈ। ਉਨ੍ਹਾਂ ਸੁਪਰੀਮ ਕੋਰਟ ਨੂੰ ਪਰਾਲੀ ਸਾੜਨ ਵਾਲੇ ਰਾਜਾਂ ਖ਼ਿਲਾਫ਼ ਕਾਰਵਾਈ ਦੀ ਅਪੀਲ ਵੀ ਕੀਤੀ। ਉਨ੍ਹਾਂ ਕੇਂਦਰੀ ਵਾਤਾਵਰਣ ਮੰਤਰੀ ਤੋਂ ਪੁੱਛਿਆ ਕਿ ਪ੍ਰਦੂਸ਼ਣ ਰੋਕਣ ਲਈ ਖਰਚੇ ਜਾਣ ਵਾਲੇ 4400 ਕਰੋੜ ਰੁਪਏ ਕਿੱਥੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਦਾ ਕਾਰਨ ਉੱਤਰੀ ਰਾਜਾਂ ਵਿੱਚ ਸਾੜੀ ਜਾਂਦੀ ਪਰਾਲੀ ਦਾ ਧੂੰਆ (45 ਫ਼ੀਸਦ ਤੱਕ) ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਤੁਰੰਤ ਹਾਲਤ ਕਾਬੂ ਕਰਨ ਕਿਉਂਕਿ ਦਿੱਲੀ ਸਰਕਾਰ ਇਹ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਕਿ ਇਨ੍ਹਾਂ ਰਾਜ ਸਰਕਾਰਾਂ ਕਾਰਨ ਦਿੱਲੀ ਦੀ ਜਨਤਾ ਨੂੰ ਸਿਹਤ ਦੀਆਂ ਸਮੱਸਿਆਵਾਂ ਨਾਲ ਜੂਝਣਾ ਪਵੇ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੇਜਰੀਵਾਲ ਸਰਕਾਰ ਨੂੰ ਪੱਤਰ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸਰਦੀਆਂ ਦੌਰਾਨ ਦਿੱਲੀ ’ਚ ਹਵਾ ਪ੍ਰਦੂਸ਼ਣ ਦੇ ਖਤਰੇ ‘ਤੇ ਚਿੰਤਾ ਜ਼ਾਹਰ ਕਰਦਿਆਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਪ੍ਰਦੂਸ਼ਣ ਦੇ ਵੱਡੇ ਸਰੋਤਾਂ ਜਿਵੇਂ ਨਿਰਮਾਣ ਤੇ ਢਾਹੁਣ ਦੀਆਂ ਸਰਗਰਮੀਆਂ ਤੇ ਖੁੱਲ੍ਹੇ ਕੂੜੇਦਾਨਾਂ ਉੱਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਸੀਪੀਸੀਬੀ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਨਿਰਮਾਣ ਤੇ ਢਾਹੁਣ ਦੀਆਂ ਸਰਗਰਮੀਆਂ ਉੱਤੇ ਕੂੜਾ ਕਰਕਟ ਦੀ ਖੁੱਲ੍ਹੀ ਡੰਪਿੰਗ ਇਕ ਵੱਡੀ ਚਿੰਤਾ ਬਣੀ ਹੋਈ ਹੈ ਤੇ ਇਸ ਲਈ ਇਨ੍ਹਾਂ ਗਤੀਵਿਧੀਆਂ ਨੂੰ ਰੋਕਣ ਲਈ ਵਿਸ਼ੇਸ਼ ਯਤਨਾਂ ਦੀ ਲੋੜ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਕੁਝ ਕੰਮ ਪੂਰੇ ਕਰ ਲਏ ਗਏ ਹਨ ਪਰ ਹੋਰ ਵੀ ਕੀਤੇ ਜਾਣ ਦੀ ਜ਼ਰੂਰਤ ਹੈ।