ਨਵੀਂ ਦਿੱਲੀ, 4 ਜੂਨ
ਦਿੱਲੀ ਦਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਕੌਮੀ ਰਾਜਧਾਨੀ ਵਿੱਚ ਕਰੋਨਾਵਾਇਰਸ ਲਾਗ ਦਾ ‘ਹੌਟਸਪੌਟ’ ਬਣ ਗਿਆ ਹੈ। ਏਮਜ਼ ਵਿੱਚ ਕੰਮ ਕਰਦੇ ਸਿਹਤ ਸੰਭਾਲ ਨਾਲ ਜੁੜੇ ਸਟਾਫ਼ ਤੇ ਉਨ੍ਹਾਂ ਦੇ ਆਸ਼ਰਿਤਾਂ, ਜਿਨ੍ਹਾਂ ਦੀ ਗਿਣਤੀ 479 ਦੇ ਕਰੀਬ ਹੈ, ਕਰੋਨਾਵਾਇਰਸ ਦੀ ਲਾਗ ਲਈ ਪਾਜ਼ੇਟਿਵ ਪਾਏ ਗਏ ਹਨ। ਸੂਤਰਾਂ ਮੁਤਾਬਕ 30 ਮਈ ਨੂੰ ਕੁੱਲ 479 ਵਿਅਕਤੀਆਂ ਦੇ ਨਮੂਨੇ ਜਾਂਚ ਦੌਰਾਨ ਪਾਜ਼ੇਟਿਵ ਨਿਕਲੇ ਹਨ। ਇਨ੍ਹਾਂ ਵਿੱਚ 2 ਫੈਕਲਟੀ ਮੈਂਬਰ, 17 ਰੈਜ਼ੀਡੈਂਟ ਡਾਕਟਰ, 38 ਨਰਸਾਂ, 74 ਸਕਿਉਰਿਟੀ ਸਟਾਫ਼ ਤੇ 74 ਹਸਪਤਾਲ ਅਟੈਂਡੈਂਟ ਅਤੇ ਸੈਨੀਟੇਸ਼ਨ ਸਟਾਫ਼ ਦੇ 54 ਵਰਕਰ ਸ਼ਾਮਲ ਹਨ। ਇਨ੍ਹਾਂ ਵਿੱਚ 14 ਲੈਬ, ਐਕਸਰੇਅ ਤੇ ਹੋਰ ਤਕਨੀਕੀ ਸਟਾਫ਼ ਦੇ ਮੈਂਬਰ ਵੀ ਹਨ। ਵਾਇਰਸ ਦੀ ਜ਼ੱਦ ਵਿੱਚ ਆਉਣ ਵਾਲੇ ਆਸ਼ਰਿਤਾਂ ਦੀ ਗਿਣਤੀ 193 ਦੇ ਕਰੀਬ ਹੈ। ਇਸ ਦੌਰਾਨ ਸੂਤਰਾਂ ਨੇ ਕਿਹਾ ਕਿ ਏਮਜ਼ ਨੇ ਜ਼ਿਆਦਾਤਰ ਮਰੀਜ਼ਾਂ ਨੂੰ ਵਾਰਡਾਂ ਵਿੱਚ ਤਬਦੀਲ ਕਰਨ ਮੌਕੇ ਤੇ ਅਪਰੇਸ਼ਨ ਥੀਏਟਰਾਂ ਵਿੱਚ ਲਿਜਾਣ ਤੋਂ ਪਹਿਲਾਂ ਉਨ੍ਹਾਂ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ।