ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਮਈ
ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਨੇ ਦਿੱਲੀ ਦੇ ਤਿੰਨ ਨਗਰ ਨਿਗਮ (ਐੱਮਸੀਡੀ) ਕਮਿਸ਼ਨਰਾਂ ਨੂੰ ਸੰਮਨ ਜਾਰੀ ਕੀਤੇ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲਾਂ ਵੱਲੋਂ ਕੀਤੇ ਉਪਾਵਾਂ ਬਾਰੇ ਜਾਣਕਾਰੀ ਮੰਗੀ।
ਦਰਅਸਲ, ਦਿੱਲੀ ਮਹਿਲਾ ਕਮਿਸ਼ਨ ਨੇ ਦਿਨ ਸਮੇਂ ਸਕੂਲਾਂ ਵਿੱਚ ਸੁਰੱਖਿਆ ਗਾਰਡਾਂ ਦੀ ਅਣਹੋਂਦ ਅਤੇ ਸੀਸੀਟੀਵੀ ਕੈਮਰੇ ਨਾ ਹੋਣ ਦਾ ਸਖ਼ਤ ਨੋਟਿਸ ਲਿਆ ਹੈ। ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਸਕੂਲਾਂ ਵਿੱਚ ਕਲਾਸਾਂ ਸਮੇਤ ਸੁਰੱਖਿਆ ਗਾਰਡਾਂ ਅਤੇ ਸੀਸੀਟੀਵੀ ਦੀ ਘਾਟ ਸਵੀਕਾਰਯੋਗ ਨਹੀਂ ਹੈ ਕਿਉਂਕਿ ਇਸ ਦਾ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ’ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਕਮਿਸ਼ਨ ਅੱਗੇ ਪੇਸ਼ ਹੋਏ ਪੂਰਬੀ ਐੱਮਸੀਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਸਕੂਲ ਵਿੱਚ ਦਿਨ ਵੇਲੇ ਸੁਰੱਖਿਆ ਗਾਰਡ ਨਹੀਂ ਹੁੰਦਾ। ਕੁੱਲ 232 ਸਕੂਲਾਂ ਵਿੱਚੋਂ ਸਿਰਫ 25 ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਹਨ ਤੇ ਉਹ ਵੀ ਸਕੂਲ ਦੀ ਚਾਰਦੀਵਾਰੀ ਅਤੇ ਕਲਾਸਾਂ ਦੇ ਬਾਹਰ। ਸਾਰੇ ਈਡੀਐਮਸੀ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ ਤਜਵੀਜ਼ ਅੰਤਿਮ ਪੜਾਅ ਵਿੱਚ ਹੈ।
ਦਰਅਸਲ, ਕਮਿਸ਼ਨ ਨੇ ਇਹ ਕਦਮ ਪੂਰਬੀ ਐੱਮਸੀਡੀ ਵਿੱਚ ਇੱਕ ਦੇ ਸਕੂਲ ਵਿੱਚ ਦੋ ਲੜਕੀਆਂ ਦੇ ਜਿਨਸੀ ਸ਼ੋਸ਼ਣ ਤੋਂ ਬਾਅਦ ਚੁੱਕਿਆ ਹੈ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਮਿਸ਼ਨ ਨੇ ਦਿੱਲੀ ਦੇ ਪੂਰਬੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਕਮਿਸ਼ਨ ਨੇ ਸੀਸੀਟੀਵੀ ਕੈਮਰਿਆਂ ਦੀ ਸਥਾਪਨਾ, ਕੈਮਰੇ ਲਗਾਉਣ ਦੀ ਸਮਾਂ ਸੀਮਾ ਤੇ ਸਕੂਲਾਂ ਦੀ ਚਾਰਦੀਵਾਰੀ ਦੀ ਸਥਿਤੀ ਦੇ ਵੇਰਵੇ ਵੀ ਮੰਗੇ ਹਨ। ਸਕੂਲ ਅੰਦਰ ਜਿਨਸੀ ਸ਼ੋਸ਼ਣ ਜਾਂ ਉਤਪੀੜਨ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਐੱਮਸੀਡੀਜ਼ ਵੱਲੋਂ ਕੀਤੇ ਪ੍ਰਬੰਧਾਂ ਦੇ ਵੇਰਵੇ ਵੀ ਮੰਗੇ ਗਏ ਹਨ ਜਦਕਿ ਸਕੂਲ ਸਟਾਫ਼, ਪੁਲੀਸ ਵੈਰੀਫਿਕੇਸ਼ਨ, ਖਾਲੀ ਅਸਾਮੀਆਂ ਦੀ ਸੂਚੀ ਤੇ ਉਨ੍ਹਾਂ ਨੂੰ ਭਰਨ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਵੀ ਮੰਗਿਆ ਗਿਆ ਹੈ।
ਦੱਸਣਯੋਗ ਹੈ ਕਿ ਡੀਸੀਡਬਲਿਊ ਨੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕਰ ਕੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਦਿੱਲੀ ਪੁਲੀਸ ਨੇ ਕਮਿਸ਼ਨ ਨੂੰ ਦੱਸਿਆ ਕਿ ਮਾਮਲੇ ਦੀ ਰਿਪੋਰਟ ਨਾ ਕਰਨ ‘ਤੇ ਸਕੂਲ ਪ੍ਰਬੰਧਕਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਐੱਫਆਈਆਰ ਵਿੱਚ ਪੋਸਕੋ ਐਕਟ ਤਹਿਤ ਸਬੰਧਤ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ।