ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਗਸਤ
ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਯੂ) ਨੇ ਕਿਹਾ ਕਿ ਤਿੰਨ ਲੜਕੀਆਂ ਜਿਨ੍ਹਾਂ ਨੂੰ ਕਥਿਤ ਤੌਰ ’ਤੇ ਤਸਕਰੀ ਤੇ ਦੇਹ ਵਪਾਰ ਲਈ ਮਜਬੂਰ ਕੀਤਾ ਗਿਆ ਸੀ, ਨੂੰ ਬਾਹਰੀ ਦਿੱਲੀ ਦੇ ਨਰੇਲਾ ਖੇਤਰ ਤੋਂ ਬਚਾਇਆ ਗਿਆ ਹੈ। ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਲੜਕੀਆਂ ਮਾੜੀਆਂ ਆਰਥਿਕ ਪਿਛੋਕੜਾਂ ਦੀਆਂ ਹਨ ਤੇ ਨੌਕਰੀਆਂ ਦੇ ਬਹਾਨੇ ਉਨ੍ਹਾਂ ਦੀ ਤਸਕਰੀ ਕੀਤੀ ਗਈ ਸੀ। ਪੁਲੀਸ ਨੇ ਦੱਸਿਆ ਕਿ ਪਿਛਲੇ ਹਫ਼ਤੇ ਉਨ੍ਹਾਂ ਨੂੰ ਪੀੜਤਾਂ ਵਿੱਚੋਂ ਇੱਕ ਦਾ ਫੋਨ ਆਇਆ ਜਿਸ ਤੋਂ ਬਾਅਦ ਤਿੰਨਾਂ ਲੜਕੀਆਂ ਨੂੰ ਬਚਾਇਆ ਗਿਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘ਸਾਨੂੰ ਪੀੜਤਾਂ ਵਿੱਚੋਂ ਇੱਕ ਦਾ ਫੋਨ ਆਇਆ। ਅਸੀਂ ਕਾਲ ਦਾ ਜਵਾਬ ਦਿੱਤਾ ਤੇ ਉਨ੍ਹਾਂ ਨੂੰ ਬਰਾਮਦ ਕਰ ਲਿਆ। ਉਹ ਨਾਬਾਲਗ ਹਨ, ਕਾਨੂੰਨੀ ਕਾਰਵਾਈ ਕੀਤੀ ਗਈ ਤੇ ਇੱਕ ਦੋਸ਼ੀ ਜੋ ਕਿ ਇੱਕ ਨਾਬਾਲਗ ਲੜਕੀ ਵੀ ਹੈ ਨੂੰ ਫੜ ਲਿਆ ਗਿਆ ਹੈ। ਕਿਸ਼ੋਰ ਨਿਆਂ ਬੋਰਡ ਅਨੁਸਾਰ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਗਈ ” ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਦੋ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਨੇ ਕਿਹਾ ਕਿ ਭਾਰਤੀ ਦੰਡ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਦੇ ਤਹਿਤ ਇੱਕ ਐੱਫਆਈਆਰ ਦਰਜ ਕੀਤੀ ਗਈ ਹੈ ਜਿਸ ਵਿੱਚ ਅਗਵਾ, ਅਪਰਾਧਿਕ ਧਮਕਾਉਣਾ, ਨਾਬਾਲਗ ਲੜਕੀਆਂ ਦੀ ਖਰੀਦਦਾਰੀ, ਤਸਕਰੀ ਤੇ ਸਮੂਹਿਕ ਜਬਰ-ਜਨਾਹ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਦੇ ਪ੍ਰਬੰਧ (ਪੋਕਸੋ) ਐਕਟ ਸ਼ਾਮਲ ਹਨ।