ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਪਰੈਲ
ਦਿੱਲੀ ਯੂਨੀਵਰਸਿਟੀ ਜਲਦੀ ਹੀ ਦੁਆਰਕਾ ਵਿਚ 180 ਬਿਸਤਰਿਆਂ ਦੀ ਸਮਰੱਥਾ ਵਾਲੇ ਕੋਵਿਡ-19 ਆਈਸੋਲੇਸ਼ਨ ਸੈਂਟਰ ਦੀ ਸ਼ੁਰੂਆਤ ਕਰ ਰਹੀ ਹੈ।
ਇਕਾਂਤਵਾਸ ਕੇਂਦਰ ਵਿੱਚ ਆਈਸੀਯੂ ਸੇਵਾਵਾਂ ਵੀ ਹੋਣਗੀਆਂ। ਪਿਛਲੇ ਹਫ਼ਤੇ ਵਿੱਚ ਯੂਨੀਵਰਸਿਟੀ ਦੇ ਘੱਟੋ-ਘੱਟ 10 ਸਟਾਫ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਜਦੋਂਕਿ ਬਹੁਤ ਸਾਰੇ ਕਰੋਨਾ ਲਾਗ ਦੀ ਲਪੇਟ ਵਿੱਚ ਹਨ। ’ਵਰਸਿਟੀ ਨੇ ਕਿਹਾ ਕਿ ਦੀਨ ਦਿਆਲ ਉਪਾਧਿਆਏ ਕਾਲਜ ਦੇ ਨਾਲ, ਦਿੱਲੀ ਸਰਕਾਰ ਦੁਆਰਾ ਸਹਿਯੋਗੀ ਇਸਕਨ ਮੰਦਰ ਦੁਆਰਕਾ ਦੇ ਸਹਿਯੋਗ ਨਾਲ, ਦੀਨ ਦਿਆਲ ਉਪਾਧਿਆਏ ਕਾਲਜ, ਦਿੱਲੀ ਦੇ ਹੋਸਟਲ ਬਲਾਕ ਵਿਚ ਇਕ ਕੋਵਿਡ ਇਕਾਂਤਵਾਸ ਕੇਂਦਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਆਈਸੋਲੇਸ਼ਨ ਸੈਂਟਰ ਵਿਚ 180 ਬਿਸਤਰਿਆਂ ਦੀ ਸਮਰੱਥਾ ਹੋਵੇਗੀ ਜਿਨ੍ਹਾਂ ਵਿਚੋਂ ਕੁਝ ’ਤੇ ਆਕਸੀਜਨ ਸਹਾਇਤਾ ਪ੍ਰਣਾਲੀ ਰੱਖੀ ਜਾਵੇਗੀ। ਕੇਂਦਰ ਦੇ ਹਫ਼ਤੇ ਤਕ ਸ਼ੁਰੂ ਹੋਣ ਦੀ ਉਮੀਦ ਹੈ।
ਇਹ ਕੇਂਦਰ ਆਮ ਲੋਕਾਂ ਲਈ ਵੀ ਖੁੱਲ੍ਹਾ ਰਹੇਗਾ। ਇਕ ਅਧਿਕਾਰੀ ਨੇ ਦੱਸਿਆ ਕਿ 180 ਬਿਸਤਰੇ ਵਿੱਚੋਂ 125 ਆਕਸੀਜਨ ਦੀ ਸਹੂਲਤ ਵਾਲੇ ਬਿਸਤਰੇ ਹੋਣਗੇ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਕੇਂਦਰ ਲਈ ਤਿੰਨ ਡਾਕਟਰ ਤੇ ਤਿੰਨ ਨਰਸਾਂ ਮੁਹੱਈਆ ਕਰਵਾਏਗੀ।
ਜ਼ਿਕਰਯੋਗ ਹੈ ਕਿ ਦਿੱਲੀ ਵਿਚ ਮੰਗਲਵਾਰ ਨੂੰ ਰਿਕਾਰਡ 381 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ, ਜਦੋਂਕਿ ਸਾਕਾਰਾਤਮਕ ਦਰ 32.72 ਪ੍ਰਤੀਸ਼ਤ ਰਹੀ। ਰਾਜਧਾਨੀ ਵਿੱਚ ਮੰਗਲਵਾਰ ਨੂੰ 24,149 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ।
ਭਾਰਤੀ ਫ਼ੌਜ ਵੱਲੋਂ ਕੋਵਿਡ ਹਸਪਤਾਲ ਤਿਆਰ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਫ਼ੌਜ ਵੱਲੋਂ ਦੱਸਿਆ ਗਿਆ ਕਿ ਦਿੱਲੀ ਕੈਂਟ ਦੇ ਬੇਸ ਹਸਪਤਾਲ ਨੂੰ ਕੋਵਿਡ-ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ। ਵਿਆਪਕ ਡਾਕਟਰੀ ਸਹੂਲਤ ਦੇਣ ਲਈ ਇਹ ਕਦਮ ਪੁੱਟਿਆ ਗਿਆ ਹੈ। ਇਸ ਹਸਪਤਾਲ ਵਿੱਚ 340 ਕੋਵਿਡ-19 ਬਿਸਤਰੇ ਕਾਇਮ ਕੀਤੇ ਗਏ ਹਨ ਤੇ ਪੱਧਰ ’ਤੇ ਕਰੋਨਾ ਪੀੜਤਾਂ ਲਈ ਕੋਵਿਡ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਬਜ਼ੁਰਗਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਕਈ ਥਾਵਾਂ ਉੱਪਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਰ ਕੇ ਬੇਸ ਹਸਪਤਾਲ ਨੂੰ ਕੋਵਿਡ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ ਤੇ ਸ਼ੁਰੂ ਵਿੱਚ 340 ਬਿਸਤਰੇ ਲਾਏ ਗਏ ਹਨ। ਇਨ੍ਹਾਂ ਵਿੱਚੋਂ 250 ਆਕਸੀਜਨ ਦੀ ਸਹੂਲਤ ਵਾਲੇ ਹਨ। 29 ਅਪਰੈਲ ਤੱਕ ਆਈਸੀਯੂ ਵਾਲੇ 35 ਬਿਸਤਰੇ ਵੀ ਲਾਏ ਜਾਣਗੇ।