ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਕਤੂਬਰ
ਦਿੱਲੀ ਯੂਨੀਵਰਸਿਟੀ ਵਿੱਚ ਅੰਡਰ-ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਲਈ ਵਿਦਿਆਰਥੀ ਹੁਣ ਸੋਮਵਾਰ ਦੀ ਬਜਾਏ ਮੰਗਲਵਾਰ ਨੂੰ ਦੁਪਹਿਰ 2 ਵਜੇ ਤੱਕ ਫੀਸ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਬਾਅਦ ਬੁੱਧਵਾਰ ਸਵੇਰੇ 10 ਵਜੇ ਖਾਲੀ ਸੀਟਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਦਿੱਲੀ ਯੂਨੀਵਰਸਿਟੀ (ਡੀਯੂ) ਨੇ ਦੀਵਾਲੀ ਦੇ ਮੱਦੇਨਜ਼ਰ ਹੁਣ ਵਿਦਿਆਰਥੀਆਂ ਨੂੰ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਫੀਸ ਜਮ੍ਹਾਂ ਕਰਨ ਵਾਸਤੇ ਮੰਗਲਵਾਰ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ ਫੀਸ ਜਮ੍ਹਾਂ ਕਰਵਾਉਣ ਦਾ ਸਮਾਂ ਸੋਮਵਾਰ ਸ਼ਾਮ 5 ਵਜੇ ਤੱਕ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਸਵੇਰੇ 10 ਵਜੇ, ਡੀਯੂ ਗ੍ਰੈਜੂਏਸ਼ਨ ਵਿੱਚ ਦਾਖਲੇ ਲਈ ਬਾਕੀ ਖਾਲੀ ਸੀਟਾਂ ਦੀ ਸੂਚੀ ਜਾਰੀ ਕਰੇਗਾ। ਇਹ ਜਾਣਕਾਰੀ ਡੀਯੂ ਦੇ ਰਜਿਸਟਰਾਰ ਡਾ.ਵਿਕਾਸ ਗੁਪਤਾ ਨੇ ਪ੍ਰੈੱਸ ਬਿਆਨ ਜਾਰੀ ਕਰ ਕੇ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਦਾਖਲਾ ਲੈਣ ਤੋਂ ਬਾਅਦ ਫੀਸ ਜਮ੍ਹਾਂ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਹੀ ਦੂਜੇ ਪੜਾਅ ਲਈ ਸੀਟ ਅੱਪਗ੍ਰੇਡ ਕਰਨ ਦਾ ਵਿਕਲਪ ਮਿਲੇਗਾ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਦੂਜੇ ਪੜਾਅ ਵਿੱਚ ਪਹਿਲੀ ਤਰਜੀਹ ਕਾਲਜ ਅਤੇ ਕੋਰਸ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਡੀਯੂ ਵਿੱਚ ਅੰਡਰ ਗਰੈਜੂਏਟ ਦਾਖ਼ਲੇ ਲਈ ਵਿਦਿਆਰਥੀਆਂ ਨੂੰ ਅਲਾਟ ਕੀਤੀਆਂ ਸੀਟਾਂ ਪੱਕੀਆਂ ਕਰਨ ਦੇ ਆਖਰੀ ਦਿਨ ਸਨਿਚਰਵਾਰ ਸ਼ਾਮ 5 ਵਜੇ ਤੱਕ 1124 ਵਿਦਿਆਰਥੀਆਂ ਨੇ ਆਪਣੀਆਂ ਸੀਟਾਂ ਪੱਕੀਆਂ ਕਰ ਲਈਆਂ ਸਨ। ਇਸ ਤਰ੍ਹਾਂ ਕੁੱਲ 72 ਹਜ਼ਾਰ 865 ਵਿਦਿਆਰਥੀਆਂ ਨੇ ਦਾਖ਼ਲੇ ਲਈ ਆਪਣੀਆਂ ਅਲਾਟ ਕੀਤੀਆਂ ਅਤੇ ਸੀਟਾਂ ਪੱਕੀਆਂ ਕਰ ਲਈਆਂ ਪ੍ਰਕਿਰਿਆ ਵਿੱਚ ਚਾਰ ਦਿਨ ਤੱਕ ਪੱਕੀਆਂ ਕਰ ਸਕਣਗੇ। ਇਨ੍ਹਾਂ ਵਿੱਚੋਂ 29 ਹਜ਼ਾਰ 395 ਵਿਦਿਆਰਥੀਆਂ ਦੇ ਸਰਟੀਫਿਕੇਟ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਦੇ ਦਾਖ਼ਲੇ ਦਾ ਰਾਹ ਪੱਧਰਾ ਹੋ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਫੀਸ ਭਰ ਕੇ ਦਾਖ਼ਲਾ ਵੀ ਲਿਆ ਹੈ। ਜਦਕਿ 43 ਹਜ਼ਾਰ 470 ਵਿਦਿਆਰਥੀਆਂ ਦੇ ਸਰਟੀਫਿਕੇਟਾਂ ਦੀ ਜਾਂਚ ਦਾ ਕੰਮ ਚੱਲ ਰਿਹਾ ਹੈ। ਵਿਦਿਆਰਥੀਆਂ ਦੇ ਦਾਖ਼ਲੇ ਦੀ ਪ੍ਰਕਿਰਿਆ ਚੱਲ ਰਹੀ ਹੈ, ਉਨ੍ਹਾਂ ਦੇ ਸਰਟੀਫਿਕੇਟਾਂ ਦੀ ਪੜਤਾਲ ਦਾ ਕੰਮ ਅਗਲੇ ਦਿਨਾਂ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਸ ਤੋਂ ਬਾਅਦ ਵਿਦਿਆਰਥੀ ਫੀਸ ਭਰ ਕੇ ਆਪਣਾ ਦਾਖਲਾ ਪੱਕਾ ਕਰ ਸਕਦੇ ਹਨ।