ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਫਰਵਰੀ
ਇਥੇ ਕਨਾਟ ਪਲੇਸ ਦੇ ਵਪਾਰੀਆਂ ਦੀ ਇੱਕ ਐਸੋਸੀਏਸ਼ਨ ਨਵੀਂ ਦਿੱਲੀ ਟਰੇਡਰਸ ਐਸੋਸੀਏਸ਼ਨ (ਐਨਡੀਟੀਏ) ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਕੌਮੀ ਰਾਜਧਾਨੀ ਵਿੱਚ ਕੋਵਿਡ-19 ਦੀ ਸਥਿਤੀ ਵਿੱਚ ਸੁਧਾਰ ਦੇ ਮੱਦੇਨਜ਼ਰ ਦੁਕਾਨਾਂ ਨੂੰ ਰਾਤ 10 ਵਜੇ ਤੱਕ ਖੁੱਲ੍ਹੇ ਰੱਖਣ ਦੀ ਬੇਨਤੀ ਕੀਤੀ ਗਈ ਹੈ। ਐਨਡੀਟੀਏ ਨੇ ਬੈਜਲ ਨੂੰ ਲਿਖਿਆ, ‘‘ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਦਿੱਲੀ ਵਿੱਚ ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਰੈਸਤਰਾਂ ਵਾਂਗ ਰਾਤ 10 ਵਜੇ ਤੱਕ ਵਧਾਓ। ਯੂਪੀ ਤੇ ਹਰਿਆਣਾ ਵਿੱਚ ਰਾਤ ਦਾ ਕਰਫਿਊ ਅਤੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਪਰ ਦਿੱਲੀ ਵਿੱਚ ਦੁਕਾਨਾਂ ਬੰਦ ਕਰਨ ਦਾ ਸਮਾਂ ਰਾਤ 8 ਵਜੇ ਤੱਕ ਹੈ। ਜਿਸ ਨਾਲ ਦੁਕਾਨ ਮਾਲਕਾਂ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ, ਕਿਉਂਕਿ ਦਿੱਲੀ ਵਿੱਚ ਕੋਵਿਡ ਦਰ ਬਹੁਤ ਘੱਟ ਗਈ ਹੈ ਅਤੇ ਹਰ ਦਿਨ ਲਗਾਤਾਰ ਘਟ ਰਹੀ ਹੈ। ਅਸੀਂ ਇੱਕ ਵਾਰ ਫਿਰ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਉਸੇ ਲਾਈਨ ‘ਤੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਵਧਾਓ ਜਿਸ ਤਰ੍ਹਾਂ ਰੈਸਟੋਰੈਂਟਾਂ ਲਈ ਨਿਰਧਾਰਤ ਕੀਤਾ ਗਿਆ ਸੀ’’ ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ (ਡੀਡੀਐਮਏ) ਨੇ 4 ਫਰਵਰੀ ਨੂੰ ਆਪਣੀ ਮੀਟਿੰਗ ਵਿੱਚ ਕੌਮੀ ਰਾਜਧਾਨੀ ਵਿੱਚ ਰਾਤ ਦੇ ਕਰਫਿਊ ਨੂੰ ਵਧਾ ਦਿੱਤਾ ਸੀ ਪਰ ਇਸ ਦੀ ਮਿਆਦ ਇੱਕ ਘੰਟਾ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਘਟਾ ਦਿੱਤੀ ਸੀ। ਰਾਤ ਦੇ ਕਰਫਿਊ ਕਾਰਨ ਗੈਰ-ਜ਼ਰੂਰੀ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਨੂੰ ਰਾਤ 8 ਵਜੇ ਤੱਕ ਹੀ ਚੱਲਣ ਦੀ ਇਜਾਜ਼ਤ ਹੈ। ਡੀਡੀਐਮਏ ਨੇ 7 ਫਰਵਰੀ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਅਤੇ ਨਰਸਰੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ 14 ਫਰਵਰੀ ਤੋਂ ਸਕੂਲ ਮੁੜ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਇਲਾਵਾ ਸਾਰੇ ਸਰਕਾਰੀ ਅਤੇ ਨਿੱਜੀ ਦਫਤਰਾਂ ਨੂੰ 100 ਪ੍ਰਤੀਸ਼ਤ ਸਮਰੱਥਾ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਹੈ। ਜਿੰਮਾਂ ਨੂੰ ਵੀ ਕੁਝ ਪਾਬੰਦੀਆਂ ਦੇ ਨਾਲ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ।