ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਪਰੈਲ
ਕੇਜਰੀਵਾਲ ਸਰਕਾਰ ਦਿੱਲੀ ਦੀਆਂ ਝੀਲਾਂ ਨੂੰ ਮੁੜ ਸੁਰਜੀਤ ਕਰਨ ਤੇ ਉਨ੍ਹਾਂ ਨੂੰ ਆਕਰਸ਼ਕ ਸੈਰ-ਸਪਾਟਾ ਸਥਾਨਾਂ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਕੜੀ ਵਿੱਚ ਦਿੱਲੀ ਦੇ ਜਲ ਮੰਤਰੀ ਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਸਤਿੰਦਰ ਜੈਨ ਨੇ ਰੋਹਿਣੀ ਦੇ ਸੈਕਟਰ-25 ਸਥਿਤ ਰੋਹਿਣੀ ਝੀਲ ਦਾ ਮੁਆਇਨਾ ਕੀਤਾ। ਪ੍ਰਾਜੈਕਟ ਅਧੀਨ ਵੱਖ-ਵੱਖ ਯੂਨਿਟਾਂ ਦੇ ਕੰਮਾਂ ਦਾ ਨਿੱਜੀ ਤੌਰ ’ਤੇ ਜਾਇਜ਼ਾ ਲਿਆ। ਜਲ ਮੰਤਰੀ ਨੇ ਅਧਿਕਾਰੀਆਂ ਨੂੰ ਵੱਖ-ਵੱਖ ਪਹਿਲੂਆਂ ‘ਤੇ ਸੁਝਾਅ ਦਿੱਤੇ ਜੋ ਕਿ ਦਿੱਲੀ ਸਰਕਾਰ ਦੁਆਰਾ ਚਲਾਏ ਜਾ ਰਹੇ ਝੀਲ ਦੇ ਪੁਨਰ ਸੁਰਜੀਤੀ ਪ੍ਰੋਜੈਕਟ ਦਾ ਹਿੱਸਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਉਮੀਦਾਂ ਅਨੁਸਾਰ ਝੀਲ ਦੀ ਕਾਇਆ ਕਲਪ ਕਰਨ ਅਤੇ ਮਿਆਰੀ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਾਤਾਵਰਣ ਪ੍ਰਣਾਲੀ ਨੂੰ ਬਰਕਰਾਰ ਰੱਖਣ ਅਤੇ ਵੱਧ ਤੋਂ ਵੱਧ ਜ਼ਮੀਨਦੋਜ਼ ਪਾਣੀ ਨੂੰ ਪ੍ਰਭਾਵਸ਼ਾਲੀ ਤਰੀਕਿਆਂ ਨਾਲ ‘ਰੀਚਾਰਜ’ ਕਰਨ ਲਈ ਪ੍ਰਾਜੈਕਟ ਤਿਆਰ ਕਰਨ ਲਈ ਕਿਹਾ ਗਿਆ ਹੈ। ਦਿੱਲੀ ਨੂੰ ‘ਝੀਲਾਂ ਦਾ ਸ਼ਹਿਰ’ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਕਾਰ ਵੱਲੋਂ ਪਹਿਲੇ ਪੜਾਅ ਵਿੱਚ 250 ਜਲ ਭੰਡਾਰਾਂ ਅਤੇ 23 ਝੀਲਾਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਇਸਦਾ ਉਦੇਸ਼ ਸ਼ਹਿਰੀ ਹੜ੍ਹਾਂ ਨੂੰ ਰੋਕਣਾ ਅਤੇ ਡਰੇਨਾਂ ਤੋਂ ਬਚਣ ਲਈ ਵੱਖ-ਵੱਖ ਜਲ ਭੰਡਾਰ ਬਣਾਉਣਾ ਹੈ। ਵਾਤਾਵਰਣ ਨੂੰ ਮੁੜ ਸੁਰਜੀਤ ਕਰਨ ਲਈ ਝੀਲਾਂ ਦੇ ਆਲੇ-ਦੁਆਲੇ ਦੇਸੀ ਪੌਦੇ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਾਰੇ ਜਲਘਰਾਂ ਨੂੰ ਸੁੰਦਰ ਦਿੱਖ ਦਿੱਤੀ ਜਾ ਰਹੀ ਹੈ। ਰੋਹਿਣੀ ਝੀਲ ਰਾਜਧਾਨੀ ਵਿੱਚ ਮੁੜ ਸੁਰਜੀਤ ਹੋਣ ਵਾਲੀਆਂ 23 ਝੀਲਾਂ ਵਿੱਚੋਂ ਇੱਕ ਹੈ। ਰੋਹਿਣੀ ਝੀਲ ਅਤੇ ਰੋਹਿਣੀ ਐਸਟੀਪੀ, ਦੋਵੇਂ 100 ਏਕੜ ਜ਼ਮੀਨ ਵਿੱਚ, 20 ਏਕੜ ਵਿੱਚ ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ 80 ਏਕੜ ਵਿੱਚ ਝੀਲ ਵਿਕਸਤ ਕੀਤੀ ਜਾ ਰਹੀ ਹੈ। 15 ਐਮਜੀਡੀ ਦੀ ਸਮਰੱਥਾ ਵਾਲੀ ਐਸਟੀਪੀ ਤੋਂ ਇਸ ਝੀਲ ਵਿੱਚ ਟ੍ਰੀਟਡ ਪਾਣੀ ਇਕੱਠਾ ਕੀਤਾ ਜਾਵੇਗਾ।
ਮਾਲਚਾ ਮਹਿਲ ਵਿਰਾਸਤੀ ਢਾਂਚੇ ਦੀ ਮੁਰੰਮਤ
ਦਿੱਲੀ ਸਰਕਾਰ ਆਪਣੇ ਸੈਰ-ਸਪਾਟਾ ਨਕਸ਼ੇ ਵਿੱਚ ਇੱਕ ਨਵਾਂ ਆਕਰਸ਼ਣ ਜੋੜਨ ਦੀ ਯੋਜਨਾ ਬਣਾ ਰਹੀ ਹੈ ਤੇ ਇਸ ਵਾਰ ਇਹ 14ਵੀਂ ਸਦੀ ਦਾ ਮਾਲਚਾ ਮਹਿਲ ਹੈ। ਇੱਕ ਤੁਗਲਕ-ਯੁੱਗ ਦਾ ਸ਼ਿਕਾਰ ਕਰਨ ਵਾਲਾ ਲਾਜ, ਇਹ ਮਹਿਲ ਕੇਂਦਰੀ ਰਿਜ ਵਿੱਚ ਸਰਦਾਰ ਪਟੇਲ ਮਾਰਗ ਦੇ ਨਾਲ ਸਥਾਪਤ ਹੈ। ਫਿਲਹਾਲ ਸਰਕਾਰ ਵਿਰਾਸਤੀ ਢਾਂਚੇ ਦੀ ਮੁਰੰਮਤ ਕਰ ਰਹੀ ਹੈ। ਅਦਭੁਤ ਸੁੰਦਰ ਮਾਲਚਾ ਮਹਿਲ ਅਵਧ ਦੇ ਨਵਾਬ ਦੇ ਵੰਸ਼ਿਜ਼ਾਂ ਦਾ ਸ਼ਾਹੀ ਘਰ ਹੁੰਦਾ ਸੀ। ਪਰ 2017 ਵਿੱਚ ਆਖ਼ਰੀ ਸ਼ਾਹੀ ਮੈਂਬਰ ਦੀ ਮੌਤ ਤੋਂ ਬਾਅਦ ਮਹਿਲ ਨੂੰ ਅਣਗੌਲਿਆ ਕਰ ਦਿੱਤਾ ਗਿਆ। ਨਾ ਤਾਂ ਏਐਸਆਈ ਅਤੇ ਨਾ ਹੀ ਰਾਜ ਸਰਕਾਰ ਨੇ ਮਹਿਲ ਦੀ ਮਲਕੀਅਤ ਲਈ, ਪਰ ਹੁਣ ਸੂਬਾ ਸਰਕਾਰ ਦਾ ਪੁਰਾਤੱਤਵ ਵਿਭਾਗ ਲੋੜੀਂਦਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਭਾਗ ਹੁਣ ਬਹਾਲੀ ਦਾ ਕੰਮ ਕਰਨ ਲਈ ਇੱਕ ਸਲਾਹਕਾਰ ਦੀ ਨਿਯੁਕਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੰਮ ਸ਼ੁਰੂ ਹੋਣ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਪੂਰਾ ਹੋਣ ਵਿੱਚ ਕੁਝ ਸਾਲ ਲੱਗ ਜਾਣਗੇ।