ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਕਤੂਬਰ
ਸਫ਼ਾਈ ਕਰਮਚਾਰੀ ਯੂਨੀਅਨ (ਐੱਸਕੇਯੂ) ਤੇ ਇੰਦਰਾ ਗਾਂਧੀ ਦਿੱਲੀ ਟੈਕਨੀਕਲ ਯੂਨੀਵਰਸਿਟੀ ਫਾਰ ਵਿਮੈਨ ਦੇ ਸੰਘਰਸ਼ ਨੇ ਅੱਜ ਵੱਡੀ ਜਿੱਤ ਪ੍ਰਾਪਤ ਕੀਤੀ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਨੌਕਰੀਆਂ ਵਾਪਸ ਦੇਣ ਲਈ ਮਜਬੂਰ ਹੋਣਾ ਪਿਆ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਲਿਖਤੀ ਭਰੋਸਾ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਟੈਂਡਰ ਬਦਲਣ ਦੀ ਸੂਰਤ ਵਿੱਚ ਵੀ ਕੋਈ ਕਰਮਚਾਰੀ ਆਪਣੀ ਨੌਕਰੀ ਨਹੀਂ ਗੁਆਏਗਾ। ਇਸ ਜਿੱਤ ਨਾਲ ਅੱਜ ਸਫ਼ਾਈ ਕਰਮਚਾਰੀਆਂ ਨੇ ਆਪਣਾ ਧਰਨਾ ਵਾਪਸ ਲੈ ਲਿਆ ਹੈ। ਉਨ੍ਹਾਂ ਅਤੇ ਯੂਨੀਅਨ ਨੇ ਆਪਣੇ ਸੰਘਰਸ਼ ਨੂੰ ਅੱਗੇ ਤੋਰਨ ਤੇ ਇਸ ਨੂੰ ਪੂਰੇ ਰਾਜ ਵਿੱਚ ਲੈ ਜਾਣ ਦਾ ਫੈਸਲਾ ਕੀਤਾ। ਸਫਾਈ ਕਰਮਚਾਰੀਆਂ ਤੇ ਐਸਕੇਯੂ ਨੂੰ ਇਹ ਜਿੱਤ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਆਪਣੇ ਕੱਪੜੇ ਉਤਾਰ ਕੇ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਸਫਾਈ ਕਰਮਚਾਰੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਸਫਾਈ ਕਰਮਚਾਰੀ ਯੂਨੀਅਨ ਨੂੰ ਦਿੱਲੀ ਦੇ ਮੁੱਖ ਮੰਤਰੀ ਦਫਤਰ ਨਾਲ ਗੱਲਬਾਤ ਲਈ ਬੁਲਾਇਆ ਸੀ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਦਫਤਰ ਯੂਨੀਵਰਸਿਟੀ ਨੂੰ ਨਿਰਦੇਸ਼ ਦੇਵੇਗਾ ਕਿ ਉਹ ਕਰਮਚਾਰੀਆਂ ਨੂੰ ਇੱਕ ਲਿਖਤੀ ਭਰੋਸਾ ਦੇਵੇ ਕਿ ਉਨ੍ਹਾਂ ਨੂੰ ਟੈਂਡਰ ਬਦਲਣ ਲਈ ਨੌਕਰੀ ਤੋਂ ਕੱਢਿਆ ਨਹੀਂ ਜਾਵੇਗਾ। ਬੀਤੇ ਕੱਲ੍ਹ ਕਰਮਚਾਰੀਆਂ ਨੂੰ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਅਤੇ ਰਜਿਸਟਰਾਰ ਦੁਆਰਾ ਮੀਡੀਆ ਦੇ ਸਾਹਮਣੇ ਜ਼ੁਬਾਨੀ ਭਰੋਸਾ ਦਿੱਤਾ ਗਿਆ ਸੀ ਪਰ ਜਦੋਂ ਕਰਮਚਾਰੀਆਂ ਨੇ ਆਪਣੀ ਭੁੱਖ ਹੜਤਾਲ ਜਾਰੀ ਰੱਖੀ ਤੇ ਲਿਖਤੀ ਭਰੋਸੇ ਦੀ ਮੰਗ ਕੀਤੀ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਨੌਕਰੀ ਵਿੱਚ ਸਿਰਫ ਦੋ ਮਹੀਨੇ ਦਾ ਵਾਧਾ ਕੀਤਾ।